ਨਵੀਂ ਦਿੱਲੀ, 25 ਜਨਵਰੀ, ਦੇਸ਼ ਕਲਿੱਕ ਬਿਓਰੋ :
10ਵੀਂ ਅਤੇ 12ਵੀਂ ਕਲਾਸ ਦੀਆਂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਰੋਕਣ ਨੂੰ ਲੈ ਕੇ ਸੀਬੀਐਸਈ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। 2025 ਵਿੱਚ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਸੀਬੀਐਸਈ ਵੱਲੋਂ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਦੌਰਾਨ ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰੋਨਿਕ ਯੰਤਰ ਦੀ ਵਰਤੋਂ ਉਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਵੱਡਾ ਫੈਸਲਾ ਕੀਤਾ ਹੈ ਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਨਵੇਂ ਹੁਕਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਕੇਂਦਰ ਉਤੇ ਪ੍ਰੀਖਿਆ ਦੌਰਾਨ ਮੋਬਾਇਲ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਯੰਤਰ ਨਾਲ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਅਗਲੇ ਦੋ ਸਾਲ ਤੱਕ ਸੀਬੀਐਸਈ ਪ੍ਰੀਖਿਆਵਾਂ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਹਿਲਾਂ ਇਹ ਰੋਕ ਇਕ ਸਾਲ ਲਈ ਹੁੰਦੀ ਸੀ, ਜਿਸ ਨੂੰ ਹੁਣ ਵਧਾਕੇ ਦੋ ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਲੇ ਸੋਸ਼ਲ ਮੀਡੀਆ ਉਤੇ ਪ੍ਰੀਖਿਆ ਨਾਲ ਸਬੰਧਤ ਗਲਤ ਜਾਣਕਾਰੀ ਜਾਂ ਅਫਵਾਹਾਂ ਫੈਲਾਉਣ ਨੂੰ ਵੀ ਅਨੁਚਿਤ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ। ਇਸ ਮਾਮਲੇ ਵਿੱਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਡਾ. ਸਿਆਮ ਭਾਰਦਵਾਜ ਨੇ ਕਿਹਾ ਕਿ ਨਵੇਂ ਨਿਯਮਾਂ ਰਾਹੀਂ ਸੀਬੀਐਸਈ ਇਹ ਯਕੀਨੀ ਕਰਨ ਦਾ ਯਤਨ ਕਰ ਰਿਹਾ ਹੈ ਕਿ ਪ੍ਰੀਖਿਆਵਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾ ਸਕਣ।
Published on: ਜਨਵਰੀ 25, 2025 8:36 ਪੂਃ ਦੁਃ