ਬਰਨਾਲਾ ‘ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲਹਿਰਾਇਆ ਕੌਮੀ ਝੰਡਾ

ਪੰਜਾਬ

ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਦੀ ਛੁੱਟੀ ਦਾ ਐਲਾਨ

ਬਰਨਾਲਾ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
     76ਵਾਂ ਗਣਤੰਤਰ ਦਿਵਸ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿਖੇ ਮਨਾਇਆ ਗਿਆ, ਜਿਸ ਵਿੱਚ ਮਾਣਯੋਗ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਵੀ ਮੌਜੂਦ ਰਹੇ।
  ਇਸ ਮਗਰੋਂ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਅਤੇ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਮੌਜੂਦ ਰਹੇ।
ਇਸ ਮਗਰੋਂ ਬਰਨਾਲਾ ਵਾਸੀਆਂ ਦੇ ਨਾਂ ਆਪਣੇ ਸੰਦੇਸ਼ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਾਰਿਆਂ ਨੂੰ 76ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ। ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ। ਮੋਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਂ ਉਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਉਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਤ ਕੀਤਾ ਹੈ। ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵੀ ਦ੍ਰਿੜ੍ਹ ਸੰਕਲਪ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਨੂੰ ਸਰਕਾਰੀ ਸੇਵਾਵਾਂ ਦੇਣ ਲਈ ਬਣਾਏ ਜਾਂਦੇ ਯੂ ਡੀ ਆਈ ਡੀ ਕਾਰਡ ਦੀ ਸਹੂਲਤ ਦੇਣ ਵਿੱਚ ਜ਼ਿਲ੍ਹਾ ਬਰਨਾਲਾ ਸੂਬੇ ਭਰ ਵਿੱਚੋਂ ਪਹਿਲੇ ਸਥਾਨ ‘ਤੇ ਹੈ। ਗ਼ਰੀਬ ਘਰਾਂ ਦੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਦੇ 513 ਲਾਭਪਾਤਰੀਆਂ ਨੂੰ ਪਿਛਲੇ ਸਾਲ ਦੌਰਾਨ 2.61 ਕਰੋੜ ਰੁਪਏ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿਚ ਕੀਤੀ ਗਈ ਹੈ। ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਨੇੜੇ ਪਿੰਡ ਢਿੱਲਵਾਂ ਵਿੱਚ ਪੰਜਾਬ ਸਰਕਾਰ ਵਲੋਂ ਕਰੀਬ 9 ਕਰੋੜ ਦੀ ਲਾਗਤ ਨਾਲ 72 ਬੈਡਜ਼ ਦਾ ਬਿਰਧ ਆਸ਼ਰਮ ਬਣਾਇਆ ਗਿਆ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਮਈ ਪ੍ਰੋਜੈਕਟ “ਸੀ.ਐੱਮ ਦੀ ਯੋਗਸ਼ਾਲਾ” ਜ਼ਿਲ੍ਹੇ ਵਿੱਚ ਸਫਲਤਾ ਪੂਰਬਕ ਚੱਲ ਰਿਹਾ ਹੈ। ਇਸ ਤਹਿਤ 84 ਮੁਫ਼ਤ ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਰੋਜ਼ਾਨਾ 2800 ਵਿਅਕਤੀ ਯੋਗ ਕਰ ਰਹੇ ਹਨ।
   ਇਸ ਮੌਕੇ ਪੰਜਾਬ ਪੁਲਿਸ ਅਤੇ ਵੱਖ ਵੱਖ ਸਕੂਲਾਂ/ਕਾਲਜਾਂ ਦੀਆਂ ਟੁਕੜੀਆਂ ਵਲੋਂ ਪਰੇਡ ਕੀਤੀ ਗਈ, ਜਿਸ ਦੇ ਕਮਾਂਡਰ ਡੀ. ਐੱਸ. ਪੀ.  ਬਰਨਾਲਾ ਸਤਵੀਰ ਸਿੰਘ ਸਨ। ਇਸ ਮੌਕੇ ਪੰਜਾਬ ਪੁਲਿਸ ਪੁਰਸ਼ਾਂ ਅਤੇ ਮਹਿਲਾ ਟੁਕੜੀ, ਪੰਜਾਬ ਹੋਮ ਗਾਰਡ ਟੁਕੜੀ, ਐੱਸ ਡੀ ਕਾਲਜ ਬਰਨਾਲਾ, ਐੱਲ ਬੀ ਐੱਸ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੇ ਸੇਕਰਡ ਹਾਰਟ ਸਕੂਲ ਬਰਨਾਲਾ ਦੀ ਟੁਕੜੀ, ਟੰਡਨ ਸਕੂਲ, ਪੰਜਾਬ ਪੁਲਿਸ ਦਾ ਬੈਂਡ ਅਤੇ ਸੇਕਰਡ ਹਾਰਟ ਸਕੂਲ ਦੇ ਬੈਂਡ ਨੇ ਭਾਗ ਲਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਆਪਣੀਆਂ ਉਪਲੱਭਧੀਆਂ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ।
   ਇਸ ਮਗਰੋਂ ਮੁੱਖ ਮਹਿਮਾਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮਗਰੋਂ ਸ.ਸ.ਸ.ਸ ਲੜਕੇ, ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਗਾਂਧੀ ਆਰੀਆ ਸਕੂਲ, ਜੀ ਜੀ ਐੱਸ ਬਰਨਾਲਾ ਦੇ ਵਿਦਿਆਰਥੀਆਂ ਨੇ ਪੀ ਟੀ ਸ਼ੋਅ ਪੇਸ਼ ਕੀਤਾ।
ਇਸੇ ਤਰ੍ਹਾਂ ਸੱਭਿਆਚਾਰਕ ਸਮਾਗਮ ‘ਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵਿਚ ਬਾਬਾ ਗਾਂਧਾ ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ, ਜੈ ਵਾਟਿਕਾ ਸਕੂਲ, ਵਾਈ ਐੱਸ ਸਕੂਲ, ਸਰਵਹਿੱਤਕਾਰੀ ਵਿਦਿਆ ਮੰਦਿਰ, ਪਵਨ ਸੇਵਾ ਸਮਿਤੀ ਸਕੂਲ, ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਸਰਵੋਤਮ ਅਕੈਡਮੀ ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ।
ਇਸ ਮੌਕੇ ਮੁੱਖ ਮਹਿਮਾਨ ਵਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਟ੍ਰਾਈ ਸਾਈਕਲ, ਵ੍ਹੀਲ ਚੇਅਰਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਵਿੱਚ ਯੋਗਦਾਨ ਪਾਉਣ ਵਾਲੇ 50 ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵਲੋਂ ਪਰੇਡ ਕਮਾਂਡਰ, ਵੱਖ ਵੱਖ ਟੁਕੜੀਆਂ ਦੀ ਅਗਵਾਈ ਕਰਨ ਵਾਲਿਆਂ, ਚੰਗੀਆਂ ਸੇਵਾਵਾਂ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ, ਸੱਭਿਆਚਾਰਕ ਪੇਸ਼ਕਾਰੀਆਂ ਵਾਲੇ ਸਕੂਲਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦੇ ਵਿਦਿਆਰਥੀਆਂ ਨੇ ਭੰਗੜਾ, ਸਰਕਾਰੀ ਸੀਨੀਅਰ ਸਰਕਾਰੀ ਸਕੂਲ ਲੜਕੀਆਂ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮਗਰੋਂ ਬਾਬਾ ਗਾਂਧਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ।
ਇਸ ਮੌਕੇ ਸਫ਼ਾਈ ਸੇਵਕਾਂ ਨੂੰ ਲੱਡੂ ਵੰਡ ਕੇ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਰਨਾਲਾ ਦੀ ਝਾਕੀ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ।
  ਜ਼ਿਲ੍ਹਾ ਪ੍ਰਸਾਸ਼ਨ ਬਰਨਾਲਾ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ।
   ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੌਰ ਦੇ ਪਤੀ ਐਕਸੀਅਨ ਸ੍ਰੀ ਦਲਜੀਤ ਸਿੰਘ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਬੀ. ਬੀ. ਐੱਸ. ਤੇਜੀ, ਸਕੁਐਡਨ ਲੀਡਰ ਮੈਡਮ ਅੰਕਿਤਾ ਸਿੰਘ, ਡੀ ਆਈ ਜੀ ਸੁਖਵਿੰਦਰ ਸਿੰਘ, ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਐੱਸ ਐੱਸ ਪੀ ਸ੍ਰੀ ਸੰਦੀਪ ਮਲਿਕ, ਸ੍ਰੀ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਲੋਕ ਸੰਪਰਕ ਅਫਸਰ ਮੈਡਮ ਮੇਘਾ ਮਾਨ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਐੱਸ ਪੀ (ਐਚ) ਸ੍ਰੀ ਸੌਰਭ ਜਿੰਦਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ, ਐੱਸ ਡੀ ਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਜ਼ਿਲ੍ਹਾ ਮਾਲ ਅਫਸਰ ਗੁਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਮਲਿਕਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ ਤੇ ਹੋਰ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Published on: ਜਨਵਰੀ 26, 2025 5:43 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।