ਚੰਡੀਗੜ੍ਹ, 27 ਜਨਵਰੀ, ਦੇਸ਼ ਕਲਿਕ ਬਿਊਰੋ :
ਆਜ਼ਾਦੀ ਘੁਲਾਟੀਏ ਸਰਦਾਰ ਬਾਜ ਸਿੰਘ 104 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਗਣਤੰਤਰ ਦਿਵਸ ਦੇ ਦਿਨ ਅਕਾਲ ਚਲਾਣਾ ਕਰ ਗਏ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਸਪਰਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਬੀੜ ਬਬਰਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਸਰਦਾਰ ਬਾਜ਼ ਦਾ ਪਰਿਵਾਰ ਮੂਲ ਰੂਪ ਵਿਚ ਅੰਮ੍ਰਿਤਸਰ ਦੇ ਪਿੰਡ ਸੋਹਲ ਦਾ ਰਹਿਣ ਵਾਲਾ ਹੈ। ਸਰਦਾਰ ਬਾਜ਼ ਸਿੰਘ ਨੇ ਅੰਗਰੇਜ਼ਾਂ ਦੁਆਰਾ ਜ਼ਿਮੀਂਦਾਰਾਂ ‘ਤੇ ਲਗਾਏ ਗਏ ਇੱਕ ਰੁਪਏ ਪ੍ਰਤੀ ਏਕੜ ਦੇ ਟੈਕਸ ਦੇ ਵਿਰੁੱਧ ਲਾਹੌਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਟੈਕਸ ਨੂੰ ਰੱਦ ਕਰਵਾਇਆ ਸੀ।
ਬਾਜ ਸਿੰਘ ਦੇ ਪੁੱਤਰ ਕੁਲਬੀਰ ਸੋਹਲ ਨੇ ਦੱਸਿਆ ਕਿ ਸੰਯੁਕਤ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਹਿਸਾਰ ਦੇ ਪਿੰਡ ਬੀੜ ਬਬਰਾਂ ਵਿੱਚ ਉਨ੍ਹਾਂ ਦੇ ਪਿਤਾ ਬਾਜ ਸਿੰਘ ਨੂੰ 12 ਏਕੜ ਜ਼ਮੀਨ ਦਿੱਤੀ ਸੀ।
ਉਨ੍ਹਾਂ ਦੇ ਪਿਤਾ ਵਾਂਗ ਉਨ੍ਹਾਂ ਦੇ ਦਾਦਾ ਜੀ ਵੀ ਆਜ਼ਾਦੀ ਘੁਲਾਟੀਏ ਸਨ। ਦਾਦਾ ਖੇਮ ਸਿੰਘ ਨੇ ਆਜ਼ਾਦੀ ਦੀ ਲੜਾਈ ਲੜੀ ਸੀ। ਦਾਦਾ ਖੇਮ ਸਿੰਘ ਨੇ ਬੱਬਰ ਲਹਿਰ ਦਾ ਟਾਕਰਾ ਕੀਤਾ ਸੀ। ਦੇਸ਼ ਆਜ਼ਾਦ ਹੋਇਆ ਤਾਂ ਦਾਦਾ ਜੀ ਨੇ ਅੰਮ੍ਰਿਤਸਰ ਦੇ ਅੰਦਰ ਪਹਿਲਾ ਤਿਰੰਗਾ ਲਹਿਰਾਇਆ ਸੀ।
Published on: ਜਨਵਰੀ 27, 2025 9:33 ਪੂਃ ਦੁਃ