ਜਲੰਧਰ, 27 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿੱਚ ਗਣਤੰਤਰ ਦਿਵਸ ਦੇ ਮੌਕੇ ’ਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਬੇਅਦਬੀ ਦੀ ਘਟਨਾ ਵਾਪਰੀ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਜਥੇਬੰਦੀਆਂ ਅਤੇ ਭਾਈਚਾਰੇ ਵਿਚ ਭਾਰੀ ਰੋਸ ਫੈਲਿਆ ਹੋਇਆ ਹੈ। ਇਸ ਦੇ ਤਹਿਤ ਜਲੰਧਰ ਅਤੇ ਲੁਧਿਆਣਾ ਵਿੱਚ 28 ਜਨਵਰੀ ਨੂੰ ਬੰਦ ਦੀ ਕਾਲ ਦਿੱਤੀ ਗਈ ਹੈ।
ਸਤਿਗੁਰੂ ਉਪਦੇਸ਼ ਟਾਈਗਰ ਫੋਰਸ ਦੇ ਪ੍ਰਧਾਨ ਅਰੁਣ ਸੰਦਲ ਅਤੇ ਅਨਿਲ ਹੰਸ ਨੇ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਕੰਮਲ ਜਲੰਧਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਦਮ ਜ਼ਰੂਰੀ ਹੈ।
ਸੋਮਾ ਗਿੱਲ ਨੇ ਦੱਸਿਆ ਕਿ 25 ਜਨਵਰੀ ਨੂੰ ਜਥੇਬੰਦੀਆਂ ਵੱਲੋਂ ਕੱਢੇ ਗਏ ਟ੍ਰੈਕਟਰ ਮਾਰਚ ਦੌਰਾਨ ਡਾ. ਅੰਬੇਡਕਰ ਚੌਕ ’ਚ ਵੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਬੇਅਦਬੀ ਦੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਵੀ ਅਜਿਹੀ ਘਟਨਾ ਵਾਪਰ ਸਕਦੀ ਸੀ।
ਸੋਮਾ ਗਿੱਲ ਦਾ ਕਹਿਣਾ ਹੈ ਕਿ ਬੇਅਦਬੀ ਦੀ ਕੋਸ਼ਿਸ਼ ਦੀਆਂ ਵੀਡੀਓਜ਼ ਉਹਨਾਂ ਨੇ ਸੋਮਵਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਸਨ। ਬਾਵਜੂਦ ਇਸਦੇ, ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਜਥੇਬੰਦੀਆਂ ਨੇ ਬੰਦ ਰੱਖਣ ਦਾ ਸਖ਼ਤ ਫ਼ੈਸਲਾ ਕੀਤਾ ਹੈ।
Published on: ਜਨਵਰੀ 27, 2025 5:45 ਬਾਃ ਦੁਃ