ਨਾਰੀ ਸ਼ਕਤੀ ਦਾ ਆਰਥਿਕ ਪੱਧਰ ਉੱਪਰ ਚੁੱਕਣ ਲਈ ਉਪਰਾਲੇ ਜਾਰੀ : ਡਿਪਟੀ ਕਮਿਸ਼ਨਰ
ਬਠਿੰਡਾ, 27 ਜਨਵਰੀ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ’ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਠਿੰਡਾ ਵਲੋਂ ਨਾਰੀ ਸ਼ਕਤੀ ਨੂੰ ਹੁਨਰਮੰਦ ਕਰਕੇ ਉਨ੍ਹਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਲਗਾਤਾਰ ਯਤਨ ਤੇ ਉਪਰਾਲੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਪੇਂਡੂ ਆਜੀਵਿਕਾ ਮਿਸ਼ਨ ਤਹਿਤ 36 ਹਜ਼ਾਰ 350 ਔਰਤਾਂ ਨੂੰ 3 ਹਜ਼ਾਰ 635 ਸਵੈ-ਸਹਾਇਤਾ ਸਮੂਹਾਂ (ਸੈਲਫ ਹੈਲਪ ਗਰੁੱਪਾਂ) ਵਿਚ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਰਹਿਣ ਵਾਲੀਆਂ ਔਰਤਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਵਾ ਕੇ ਮਧੂ ਮੱਖੀ ਪਾਲਣ, ਬੇਕਰੀ, ਫਾਸਟ ਫੂਡ, ਮਸਾਲੇ, ਸਰੋਂ ਦਾ ਤੇਲ, ਆਚਾਰ, ਮੁਰੱਬੇ, ਡੇਅਰੀ, ਸਲੀਪਰ ਮੇਕਿੰਗ ਆਦਿ ਕੰਮ ਸ਼ੁਰੂ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ‘ਪਹਿਲ ਆਜੀਵਿਕਾ ਹੋਜ਼ਰੀ’ ਜ਼ਿਲ੍ਹੇ ਦੇ ਪਿੰਡ ਸਿਵੀਆਂ ਵਿਖੇ ਸਫਲਤਾ ਪੂਰਵਕ ਸਥਾਪਤ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ 20 ਹਜ਼ਾਰ ਵਿਦਿਆਰਥੀਆਂ ਨੂੰ ਵਰਦੀਆਂ ਬਣਾ ਕੇ ਦਿੱਤੀਆਂ ਗਈਆਂ ਹਨ, ਜਿਸ ਨਾਲ ਪਹਿਲ ਪ੍ਰੋਜੈਕਟ ਦੀ ਟਰਨ ਓਵਰ 1 ਕਰੋੜ 20 ਲੱਖ ਰੁਪਏ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਪਹਿਲ ਪ੍ਰੋਜੈਕਟ ਤਹਿਤ ਬਲਾਕ ਸੰਗਤ ਵਿਖੇ ਇਕ ਹੋਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਰ੍ਹੇ 40 ਹਜ਼ਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਬਣਾ ਕੇ ਦੇਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੁਆਰਾ ਵਧੀ ਆਮਦਨ ਨਾਲ ਜ਼ਿਲ੍ਹੇ ਅੰਦਰ 11 ਹਜ਼ਾਰ 840 ਔਰਤਾਂ ਨੂੰ ਲੱਖਪਤੀ ਦੀਦੀ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡ੍ਰੋਨ ਦੀਦੀ ਯੋਜਨਾ ਤਹਿਤ ਪਿੰਡ ਦਿਆਲਪੁਰਾ ਭਾਈਕਾ, ਕਟਾਰ ਸਿੰਘ ਵਾਲਾ, ਚੱਠੇਵਾਲਾ ਅਤੇ ਯਾਤਰੀ ਦੀਆਂ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਖੇਤਾਂ ਵਿਚ ਸਪਰੇਅ ਕਰਨ ਲਈ ਡ੍ਰੋਨ ਦੀ ਵਿਸ਼ੇਸ਼ ਸਿਖਲਾਈ ਦੇ ਕੇ ਡ੍ਰੋਨ ਮੁਹਈਆ ਕਰਵਾਏ ਗਏ ਹਨ, ਜਿਸ ਨਾਲ ਉਨ੍ਹਾਂ ਨੂੰ 15 ਤੋਂ 20 ਹਜ਼ਾਰ ਰੁਪਏ ਮਹੀਨਾ ਆਮਦਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪੀ.ਐਮ ਅਜੈ ਯੋਜਨਾ ਤਹਿਤ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਵਿਸ਼ੇਸ਼ ਸਿਖਲਾਈ ਦਵਾ ਕੇ 3 ਬੇਕਰੀਆਂ ਸ਼ੁਰੂ ਕਰਵਾਈਆਂ ਹਨ।
Published on: ਜਨਵਰੀ 27, 2025 6:18 ਬਾਃ ਦੁਃ