ਚੰਡੀਗੜ੍ਹ, 27 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਸਮੇਤ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿੱਚ ਇੱਕ ਦਰਜਨ ਕਤਲਾਂ ਤੇ ਕਈ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਨਾਮੀ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਸਮੇਤ ਨੂੰ ਉਨ੍ਹਾਂ ਦੇ 4 ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ‘ਚ ਪੁਲਿਸ ਨੇ ਪੁਨੀਤ ਸ਼ਰਮਾ ਉਰਫ਼ ਪੁਨੀਤ ਜਲੰਧਰ ਵਾਸੀ ਅਮਨ ਨਗਰ ਜਲੰਧਰ, ਨਰਿੰਦਰ ਸ਼ਰਮਾ ਉਰਫ਼ ਨਰਿੰਦਰ ਲਾਲੀ ਵਾਸੀ ਪ੍ਰੀਤ ਨਗਰ ਜਲੰਧਰ, ਗੋਰੀ ਚਾਟੀਵਿੰਡ, ਸ਼ੰਨੂ ਮਿੱਤਾ, ਮਨਜਿੰਦਰ ਸਿੰਘ, ਹਰਪ੍ਰੀਤ ਵਜੋਂ ਹੋਈ ਹੈ।ਪੁਲੀਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗੈਂਗ ਸਤੰਬਰ 2024 ਵਿੱਚ ਰਾਜਸਥਾਨ ਦੇ ਹਾਈਵੇਅ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਿੱਚ ਵੀ ਸ਼ਾਮਲ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਹ ਪਿਛਲੇ ਤਿੰਨ ਸਾਲ ਤੋਂ ਗ੍ਰਿਫ਼ਤਾਰੀਆਂ ਤੋਂ ਬਚ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਕੌਸ਼ਲ ਚੌਧਰੀ ਗੈਂਗ ਦੇ ਸੰਗਠਿਤ ਅਪਰਾਧਿਕ ਨੈੱਟਵਰਕ ਜੋ ਕਿ ਹਰਿਆਣਾ, ਰਾਜਸਥਾਨ, ਪੰਜਾਬ ਆਦਿ ਵਿੱਚ ਸਰਗਰਮ ਹੈ, ਦੇ ਪੇਸ਼ੇਵਰ ਸ਼ੂਟਰ ਹਨ ਅਤੇ ਉਹ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਐਤਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਕੌਸ਼ਲ ਚੌਧਰੀ ਗੈਂਗ ਦੇ ਮੈਂਬਰ ਜਿਨ੍ਹਾਂ ਵਿੱਚ ਅਮਰਜੀਤ ਸਿੰਘ ਉਰਫ਼ ਅਮਰ, ਜਗਜੀਤ ਸਿੰਘ ਉਰਫ਼ ਗਾਂਧੀ, ਬਲਵਿੰਦਰ ਸਿੰਘ ਉਰਫ਼ ਡੋਨੀ, ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਅਤੇ ਹੋਰ ਸ਼ਾਮਲ ਹਨ, ਵਿਦੇਸ਼ਾਂ ਵਿੱਚੋਂ ਆਪਣੇ ਸਥਾਨਕ ਸੰਚਾਲਕਾਂ ਦੀ ਸਹਾਇਤਾ ਨਾਲ ਸੂਬੇ ਵਿੱਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚ ਰਹੇ ਹਨ।
ਜਾਣਕਾਰੀ ਮੁਤਾਬਿਕ ਇਸ ਗਿਰੋਹ ਦੇ ਸਥਾਨਕ ਮੈਂਬਰ ਕਥਿਤ ਤੌਰ ‘ਤੇ ਜੰਡਿਆਲਾ ਅੰਮ੍ਰਿਤਸਰ ਵਿਖੇ ਹਵੇਲੀ ਰੈਸਟੋਰੈਂਟ ਦੇ ਨੇੜੇ ਘੁੰਮ ਰਹੇ ਹਨ ਅਤੇ ਮਾਰੂ ਹਥਿਆਰਾਂ ਨਾਲ ਲੈਸ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਵਿਸ਼ੇਸ਼ ਨਾਕਾ ਲਗਾ ਕੇ ਇਸ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਛੇ ਪਿਸਤੌਲਾਂ ਸਮੇਤ ਗੋਲੀ ਸਿੱਕਾ ਬਰਾਮਦ ਕੀਤਾ।
ਉਹਨਾਂ ਕਿਹਾ ਕਿ ਇਸ ਅਪਰਾਧਿਕ ਨੈਟਵਰਕ ਜੋ ਕਿ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ ਅਤੇ ਜਬਰਨ ਵਸੂਲੀ, ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਾਂ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੈ, ਦੇ ਸਾਰੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰਬਰ 05 ਮਿਤੀ 26.01.2025 ਨੂੰ ਅਸਲਾ ਐਕਟ ਦੀ ਧਾਰਾ 25, 25(1), 25(1) (ਡੀ) ਅਤੇ 25(8) ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਐਕਟ ਦੀ ਧਾਰਾ 111 ਅਤੇ 61(2) ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ:
– ਪੁਨੀਤ ਲਖਨਪਾਲ: ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਸੁਖਮੀਤ ਡਿਪਟੀ ਦੇ ਕਤਲ ਸਮੇਤ ਕਈ ਕੇਸਾਂ ਵਿੱਚ ਸ਼ਾਮਲ ਕੌਸ਼ਲ ਚੌਧਰੀ ਗੈਂਗ ਦਾ ਬਦਨਾਮ ਮੈਂਬਰ ਹੈ ਅਤੇ ਉਸ ਖ਼ਿਲਾਫ਼ 20 ਤੋਂ ਵੱਧ ਕੇਸ ਦਰਜ ਹਨ।
– ਨਰਿੰਦਰ ਕੁਮਾਰ ਉਰਫ਼ ਲਾਲੀ: ਕੌਸ਼ਲ ਚੌਧਰੀ ਗੈਂਗ ਦਾ ਮੁੱਖ ਸ਼ੂਟਰ ਹੈ ਜੋ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਸੁਖਮੀਤ ਡਿਪਟੀ ਸਮੇਤ ਕਈ ਕਤਲ ਕੇਸਾਂ ਵਿੱਚ ਲੋੜੀਂਦਾ ਹੈ, ਅਤੇ ਉਸਦੇ ਵਿਰੁੱਧ ਸੱਤ ਹੋਰ ਅਪਰਾਧਿਕ ਕੇਸ ਦਰਜ ਹਨ।
– ਹਰਪ੍ਰੀਤ ਸਿੰਘ ਉਰਫ ਹੈਪਲ: ਬਲਵਿੰਦਰ ਉਰਫ ਡੋਨੀ ਅਤੇ ਪ੍ਰਭ ਦਾਸੂਵਾਲ ਗੈਂਗ ਦਾ ਮੈਂਬਰ ਹੈ ਜੋ 2019 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਜੂਦਾ ਸਮੇਂ ਇਸ ਵਿਰੁੱਧ ਗੈਰ-ਕਾਨੂੰਨੀ ਹਥਿਆਰਾਂ ਅਤੇ ਹਿੰਸਾ ਨਾਲ ਜੁੜੇ ਕਈ ਮਾਮਲੇ ਸੁਣਵਾਈ ਅਧੀਨ ਹਨ।
– ਮਨਿੰਦਰਜੀਤ ਸਿੰਘ ਉਰਫ ਸ਼ਿੰਦਾ: ਵੱਖ-ਵੱਖ ਗੈਂਗਾਂ ਵਿੱਚ ਸ਼ਾਮਲ ਬਦਨਾਮ ਅਪਰਾਧੀ ਹੈ ਜੋ ਹਥਿਆਰਾਂ ਨਾਲ ਸਬੰਧਤ ਬਹੁਤ ਸਾਰੇ ਅਪਰਾਧਾਂ ਅਤੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਉਸ ਵਿਰੁੱਧ ਕਈ ਕੇਸ ਅਜੇ ਵੀ ਸੁਣਵਾਈ ਅਧੀਨ ਹਨ।
– ਸੰਦੀਪ ਸਿੰਘ: ਕੌਸ਼ਲ ਚੌਧਰੀ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ, ਇਸ ਦੀ ਸ਼ਮੂਲੀਅਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
– ਗੁਰਭਿੰਦਰ ਸਿੰਘ: ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਅਤੇ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਹੈ ਅਤੇ ਉਸ ਵਿਰੁੱਧ ਮੌਜੂਦਾ ਸਮੇਂ ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਸਮੇਤ ਕਈ ਅਪਰਾਧਿਕ ਮਾਮਲੇ ਸੁਣਵਾਈ ਅਧੀਨ ਹੈ।
Published on: ਜਨਵਰੀ 27, 2025 10:02 ਪੂਃ ਦੁਃ