ਮੋਗਾ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਦੇ ਜੋਗਿੰਦਰ ਸਿੰਘ ਚੌਕ ’ਚ ਸਰਕਾਰੀ ਬਸ ‘ਚੋਂ ਡਿੱਗਣ ਨਾਲ 11 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਆਟੋ ਚਾਲਕ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਬੱਚੇ ਦੀ ਪਹਿਚਾਣ ਸਾਹਿਬਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਬੱਚਾ ਆਪਣੀ ਦਾਦੀ ਦੇ ਨਾਲ ਪੰਜਾਬ ਰੋਡਵੇਜ਼ ਦੀ ਬਸ ਰਾਹੀਂ ਲੁਧਿਆਣਾ ਤੋਂ ਮੋਗਾ ਆ ਰਿਹਾ ਸੀ। ਬੱਚੇ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਨੇ ਕੰਡਕਟਰ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਬਸ ਤੋਂ ਉਤਾਰ ਦੇਵੇ। ਜਦੋਂ ਡਰਾਈਵਰ ਨੇ ਬਸ ਦੀ ਰਫ਼ਤਾਰ ਹੌਲੀ ਕੀਤੀ, ਤਾਂ ਉਹ ਬੱਸ ਤੋਂ ਉਤਰ ਗਈ ਤੇ ਉਸਦਾ ਪੋਤਾ ਵੀ ਉਤਰਨ ਲੱਗਾ।ਦਾਦੀ ਨੇ ਦੋਸ਼ ਲਾਇਆ ਕਿ ਇਸ ਦੌਰਾਨ ਕੰਡਕਟਰ ਨੇ ਅਚਾਨਕ ਬੱਚੇ ਨੂੰ ਧੱਕਾ ਦੇ ਦਿੱਤਾ ਅਤੇ ਕਿਹਾ ਕਿ ਸਮਾਂ ਘੱਟ ਹੈ।
ਜ਼ਖ਼ਮੀ ਸਾਹਿਬਦੀਪ ਸਿੰਘ ਨੇ ਦੱਸਿਆ ਕਿ ਜਦੋਂ ਕੰਡਕਟਰ ਨੇ ਉਸ ਨੂੰ ਧੱਕਾ ਦਿੱਤਾ ਤਾਂ ਉਹ ਬੱਸ ਤੋਂ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸ ਦੀ ਲੱਤ ਦੇ ਉੱਤੋਂ ਲੰਘ ਗਿਆ।
ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਹਿਬਦੀਪ ਸਿੰਘ ਆਪਣੀ ਦਾਦੀ ਦੇ ਨਾਲ ਜੋਗਿੰਦਰ ਸਿੰਘ ਚੌਕ ਦੇ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਤੋਂ ਉਤਰ ਰਿਹਾ ਸੀ। ਬੱਸ ਦੇ ਟਾਇਰ ਹੇਠਾਂ ਲੱਤ ਆਉਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਚਲਦੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
Published on: ਜਨਵਰੀ 29, 2025 12:04 ਬਾਃ ਦੁਃ