ਸਰਕਾਰੀ ਹਾਈ ਸਕੂਲ, ਗਾਗਾ ਵਿਖੇ ਕੈਰੀਅਰ-ਗਾਈਡੈਂਸ ਸੈਮੀਨਾਰ ਦਾ ਆਯੋਜਨ
ਡਾ. ਭੀਮਇੰਦਰ ਸਿੰਘ ਵੱਲੋਂ ਸਕੂਲ-ਮੈਗਜ਼ੀਨ ‘ਅੱਖਰ-2025’ ਰਿਲੀਜ਼
ਲਹਿਰਾਗਾਗਾ, 31 ਜਨਵਰੀ , ਰਣਦੀਪ ਸੰਗਤਪੁਰਾ
ਸਰਕਾਰੀ ਹਾਈ ਸਮਾਰਟ ਸਕੂਲ, ਗਾਗਾ (ਸੰਗਰੂਰ) ਵਿਖੇ ਮੁੱਖ ਅਧਿਆਪਕ ਸ਼੍ਰੀਮਤੀ ਰਮਨਦੀਪ ਕੌਰ ਦੀ ਅਗਵਾਈ ਹੇਠ “ਸਫਲਤਾ ਦੀ ਕੁੰਜੀ ਹਨ- ਮਿਹਨਤ ਅਤੇ ਦ੍ਰਿੜਤਾ” ਵਿਸ਼ੇ ‘ਤੇ ਕੈਰੀਅਰ ਗਾਈਡੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬ ਸੈਂਟਰ ਦੇ ਮੁਖੀ ਅਤੇ ਹੋਰ ਮਹੱਤਵਪੂਰਨ ਅਹੁਦਿਆਂ ‘ਤੇ ਤੈਨਾਤ ਬਹੁਪੱਖੀ ਸਖ਼ਸ਼ੀਅਤ ਡਾ. ਭੀਮਇੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ਦੌਰਾਨ ਔਖੇ ਹਾਲਾਤਾਂ ਦਾ ਦ੍ਰਿੜ ਇਰਾਦੇ ਨਾਲ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੱਤੀ। ਚੰਗੀ ਜੀਵਨ-ਜਾਚ ਗ੍ਰਹਿਣ ਕਰਨ ਲਈ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਦ੍ਰਿੜ ਇਰਾਦੇ ਅੱਗੇ ਮੁਸ਼ਕਲਾਂ ਕਦੇ ਨਹੀਂ ਖੜ੍ਹਦੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਆਪਣਾ ਟੀਚਾ ਨਿਰਧਾਰਤ ਕਰਕੇ ਉਸਤੀ ਪ੍ਰਾਪਤੀ ਲਈ ਪੂਰੀ ਸ਼ਿੱਦਤ ਨਾਲ ਸੁਹਿਰਦ ਯਤਨ ਆਰੰਭ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮਨ ਲਗਾ ਕੇ ਮਿਹਨਤ ਕੀਤੀ ਜਾਵੇ ਤਾਂ ਜਾਗਦੀਆਂ ਅੱਖਾਂ ਨਾਲ ਵੇਖੇ ਗਏ ਸੁਪਨੇ ਜਰੂਰ ਪੂਰੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਫਲਤਾ ਦੀ ਪੌੜੀ ਦੇ ਹੇਠਲੇ ਹਿੱਸੇ ਵਿਚ ਭੀੜ ਹੁੰਦੀ ਹੈ, ਪਰ ਇਸਦੇ ਸਿਖ਼ਰ ਤੇ ਉੱਚ ਸਥਾਨ ਤੁਹਾਡੇ ਲਈ ਖਾਲੀ ਹੁੰਦੇ ਹਨ। ਵਿਦਿਆਰਥੀਆਂ ਨੇ ਕਾਮਯਾਬ ਜ਼ਿੰਦਗੀ ਲਈ ਲੋੜੀਂਦੇ ਨੁਕਤਿਆਂ ਸੰਬੰਧੀ ਸਵਾਲ ਜਵਾਬ ਕੀਤੇ। ਸੈਮੀਨਾਰ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਤਿਆਰ ਕੀਤਾ ਹੱਥ ਲਿਖ਼ਤ ਮੈਗਜ਼ੀਨ “ਅੱਖਰ -2025” ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਆਪਣੇ ਭਾਸ਼ਣ ਵਿੱਚ ਬਲਾਕ ਲਹਿਰਾ ਬੀ.ਐਨ.ਓ. ਪ੍ਰਿੰਸੀਪਲ ਦਿਲਦੀਪ ਕੌਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਬਹੁਤ ਮਹੱਤਵਪੂਰਨ ਹਨ। ਉਹਨਾਂ ਨੇ ਮੈਗਜ਼ੀਨ ਦੀਆਂ ਲਿਖ਼ਤਾਂ ਲਈ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਪਿੰਡ ਗਾਗਾ ਦੇ ਸਰਪੰਚ ਸ. ਗੁਰਦੀਪ ਸਿੰਘ ਅਤੇ ਬੀ.ਐਮ ਗਣਿਤ ਸੰਦੀਪ ਕੁਮਾਰ ਵੀ ਉਚੇਚੇ ਤੌਰ ‘ਤੇ ਪਹੁੰਚੇ। ਮੰਚ ਸੰਚਾਲਨ ਸ਼੍ਰੀ ਮਨੋਜ ਕੁਮਾਰ ਨੇ ਕੀਤਾ। ਇਸ ਮੌਕੇ ਕੈਰੀਅਰ ਗਾਈਡੈਂਸ ਇੰਚਾਰਜ ਅਧਿਆਪਕ ਬੀਰਬਲ ਸਿੰਘ, ਮੈਗਜ਼ੀਨ ਸੰਪਾਦਕ ਨਵਦੀਪ ਕੌਰ, ਅਧਿਆਪਕ ਸ਼੍ਰੀਮਤੀ ਕਮਲਜੀਤ ਕੌਰ, ਸਵਰਨਜੀਤ ਕੌਰ, ਗੁਰਦੀਪ ਕੌਰ, ਅਲਕਾ ਸਿੰਗਲਾ , ਤ੍ਰਿਪਤਾ ਰਾਣੀ ਅਤੇ ਗੁਰਜੰਟ ਸਿੰਘ ਮੌਜੂਦ ਰਹੇ।
Published on: ਜਨਵਰੀ 31, 2025 3:43 ਬਾਃ ਦੁਃ