ਵਿਰਾਟ ਕੋਹਲੀ ਸਮੇਤ ਕਈ ਕ੍ਰਿਕਟਰ ਮੇਰੇ ਚੇਲੇ : ਡੇਰਾ ਸਿਰਸਾ ਮੁਖੀ ਵੱਲੋਂ ਦਾਅਵਾ
ਸਿਰਸਾ, 31 ਜਨਵਰੀ, ਦੇਸ਼ ਕਲਿਕ ਬਿਊਰੋ :
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਉਸ ਤੋਂ ਗੁਰੂ ਮੰਤਰ ਲਿਆ ਹੈ। ਰਾਮ ਰਹੀਮ ਨੇ ਡੇਰਾ ਸਿਰਸਾ ਤੋਂ ਆਨਲਾਈਨ ਸਤਿਸੰਗ ‘ਚ ਕਿਹਾ, ”ਵਿਰਾਟ ਕੋਹਲੀ 2010 ‘ਚ ਇੱਥੇ ਆਇਆ ਸੀ। ਇਸ ਤੋਂ ਪਹਿਲਾਂ 2007-08 ‘ਚ ਵੀ ਆਇਆ। ਫਿਰ ਗੁਰੂ ਮੰਤਰ ਵੀ ਲਿਆ। ਅਜਿਹੇ ਹੋਰ ਵੀ ਕ੍ਰਿਕਟ ਖਿਡਾਰੀ ਹਨ।
ਰਾਮ ਰਹੀਮ ਨੇ ਅੱਗੇ ਕਿਹਾ, “ਇੱਥੇ ਭਾਰਤ-ਪਾਕਿਸਤਾਨ ਮੈਚ ਹੋਇਆ ਸੀ। ਇਸ ਦੇ ਪਾਕਿਸਤਾਨੀ ਖਿਡਾਰੀ ਵੀ ਗੁਰੂ ਮੰਤਰ ਅਰਥਾਤ ਕਲਮਾ ਨਾਲ ਜੁੜੇ ਹੋਏ ਸਨ। ਹਾਲਾਂਕਿ ਉਹ ਮੁਸਲਮਾਨ ਖਿਡਾਰੀ ਸਨ। ਅਜਿਹੇ ਕਈ ਖਿਡਾਰੀ ਹਨ। ਜੋ ਅੱਜ ਵੀ ਖੇਡਦੇ ਹਨ। ਉਨ੍ਹਾਂ ਨੂੰ ਦੇਖ ਕੇ ਚੰਗਾ ਲੱਗਦਾ ਹੈ।”
ਜਿਕਰਯੋਗ ਹੈ ਕਿ ਕਰੀਬ 8 ਸਾਲ ਪਹਿਲਾਂ ਵੀ ਰਾਮ ਰਹੀਮ ਨੇ ਦਾਅਵਾ ਕੀਤਾ ਸੀ ਕਿ ਵਿਰਾਟ ਕੋਹਲੀ, ਜ਼ਹੀਰ ਖਾਨ, ਸ਼ਿਖਰ ਧਵਨ ਅਤੇ ਯੂਸਫ ਪਠਾਨ ਵਰਗੇ ਖਿਡਾਰੀ ਉਸ ਕੋਲ ਸਿੱਖਣ ਲਈ ਆਉਂਦੇ ਸਨ। ਰਾਮ ਰਹੀਮ ਨੇ ਕਿਹਾ ਸੀ ਕਿ ਉਸ ਕੋਲ ਖਿਡਾਰੀਆਂ ਦੀ ਟ੍ਰੇਨਿੰਗ ਦੀਆਂ ਵੀਡੀਓਜ਼ ਹਨ।ਡੇਰਾ ਮੁਖੀ ਨੇ ਕਿਹਾ ਕਿ ਖਿਡਾਰੀ ਉਸ ਦਾ ਨਾਂ ਲੈਣ ਜਾਂ ਨਾ ਲੈਣ, ਇਹ ਉਨ੍ਹਾਂ ਦੀ ਮਰਜ਼ੀ ਹੈ, ਪਰ ਉਸ ਨੇ ਉਨ੍ਹਾਂ ਨੂੰ ਸਿਖਾਇਆ ਹੈ।
ਦੱਸ ਦੇਈਏ ਕਿ ਰਾਮ ਰਹੀਮ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 28 ਜਨਵਰੀ ਨੂੰ ਉਹ 30 ਦਿਨਾਂ ਲਈ ਪੈਰੋਲ ‘ਤੇ ਬਾਹਰ ਆਇਆ ਸੀ। ਹਾਲਾਂਕਿ ਇਸ ਵਾਰ ਸਰਕਾਰ ਨੇ ਉਸ ਨੂੰ ਸਿਰਸਾ ਡੇਰੇ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਜਿੱਥੋਂ ਉਹ ਸੰਗਤਾਂ ਨੂੰ ਆਨਲਾਈਨ ਉਪਦੇਸ਼ ਦੇ ਰਿਹਾ ਹੈ।
Published on: ਜਨਵਰੀ 31, 2025 7:04 ਪੂਃ ਦੁਃ