ਵਿਆਹ ਤੋਂ ਪਰਤ ਰਹੀ ਗੱਡੀ ਭਾਖੜਾ ਨਹਿਰ ’ਚ ਡਿੱਗੀ, 12 ਲੋਕ ਲਾਪਤਾ
ਚੰਡੀਗੜ੍ਹ, 1 ਫਰਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਦੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਲੋਕਾਂ ਨਾਲ ਵੱਡੀ ਦੁੱਖਦਾਈ ਘਟਨਾ ਵਾਪਰੀ। ਸ਼ੁੱਕਰਵਾਰ ਰਾਤ ਕਰੀਬ 10 ਵਜੇ, ਸੰਘਣੀ ਧੁੰਦ ਦੇ ਕਾਰਨ ਇੱਕ ਕਰੂਜ਼ਰ ਗੱਡੀ ਬੇਕਾਬੂ ਹੋ ਕੇ ਪਿੰਡ ਸਰਦਾਰੇਵਾਲਾ ਨੇੜੇ ਭਾਖੜਾ ਨਹਿਰ ’ਚ ਡਿੱਗ ਗਈ। ਇਸ ਗੱਡੀ ਵਿੱਚ 14 ਲੋਕ ਸਵਾਰ ਸਨ।
ਹਾਦਸੇ ਤੋਂ ਬਾਅਦ ਗੱਡੀ ਚਾਲਕ ਤੇ 10 ਸਾਲਾ ਬੱਚਾ ਕਿਸੇ ਤਰੀਕੇ ਨਾਲ ਪਾਣੀ ਦੇ ਤੇਜ਼ ਵਹਾਅ ਵਿੱਚੋਂ ਬਚ ਨਿਕਲੇ। ਬਾਕੀ 12 ਲੋਕ ਪਾਣੀ ਵਿੱਚ ਰੁੜ੍ਹ ਗਏ। ਬਚੇ ਹੋਏ ਵਿਅਕਤੀ ਜਰਨੈਲ ਸਿੰਘ ਨੇ ਨੇੜਲੇ ਪਿੰਡ ਵਾਸੀਆਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ। ਰਤੀਆ ਥਾਣਾ ਮੁਖੀ ਰਾਜਵੀਰ ਸਿੰਘ ਨੇ ਦੱਸਿਆ ਕਿ 12 ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ। ਟੋਹਾਣਾ ਐੱਸਡੀਐੱਮ ਜਗਦੀਸ਼ ਚੰਦਰ ਤੇ ਡੀਐੱਸਪੀ ਸੰਜੇ ਬਿਸ਼ਨੋਈ ਵੀ ਮੌਕੇ ’ਤੇ ਪਹੁੰਚੇ ਹੋਏ ਹਨ।
ਹਾਦਸੇ ਵਿੱਚ ਗਾਇਬ ਹੋਏ ਲੋਕਾਂ ਵਿੱਚੋਂ 8 ਵਿਅਕਤੀ ਫਤੇਹਾਬਾਦ ਦੇ ਪਿੰਡ ਮੇਹਮੜਾ, 2 ਵਿਅਕਤੀ ਰਿਔਂਦ ਅਤੇ 2 ਵਿਅਕਤੀ ਪੰਜਾਬ ਦੇ ਸਸਪਾਲੀ ਪਿੰਡ ਦੇ ਰਹਿਣ ਵਾਲੇ ਹਨ।
Published on: ਫਰਵਰੀ 1, 2025 11:18 ਪੂਃ ਦੁਃ