ਪੰਜਾਬ ‘ਚ ਸੰਘਣੀ ਧੁੰਦ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਵੱਜੀ, ਜੀਜੇ-ਸਾਲੇ ਦੀ ਮੌਤ
ਮੁਕਤਸਰ, 1 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੁਕਤਸਰ ਜ਼ਿਲੇ ‘ਚ ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ ‘ਚ ਜੀਜੇ-ਸਾਲੇ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਹਰੀਕੇ ਕਲਾਂ ਨੇੜੇ ਵਾਪਰਿਆ, ਜਿੱਥੇ ਕਾਰ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ।
ਘਟਨਾ ਉਸ ਸਮੇਂ ਵਾਪਰੀ ਜਦੋਂ ਤਰਸੇਮ ਕੁਮਾਰ (ਵਾਸੀ ਮਰਾੜ ਕਲਾਂ) ਆਪਣੇ ਜੀਜਾ ਵਿਜੇ ਕੁਮਾਰ ਨੂੰ ਉਸ ਦੇ ਪਿੰਡ ਹਰੀਕੇ ਕਲਾਂ ਛੱਡਣ ਜਾ ਰਿਹਾ ਸੀ। ਸੰਘਣੀ ਧੁੰਦ ਕਾਰਨ ਹਰੀਕੇ ਕਲਾਂ ਲਿੰਕ ਰੋਡ ‘ਤੇ ਵਿਜ਼ੀਬਿਲਟੀ ਬਹੁਤ ਘੱਟ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published on: ਫਰਵਰੀ 1, 2025 1:06 ਬਾਃ ਦੁਃ