ਐਨਆਰਆਈ ਠਾਕਰ ਸਿੰਘ ਬਸਾਤੀ ਵੱਲੋਂ ਕੀਤਾ ਗਿਆ ਹੈ ਉਪਰਾਲਾ
ਮੁਹਾਲੀ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਪਿੰਡ ਕੰਬਾਲਾ ਦੇ ਜੰਮਪਲ ਐਨਆਰਆਈ ਠਾਕਰ ਸਿੰਘ ਬਸਾਤੀ ਵੱਲੋਂ 8 ਫਰਵਰੀ, ਦਿਨ ਸ਼ਨਿਚਰਵਾਰ ਨੂੰ ਪਿੰਡ ਕੰਬਾਲਾ ਵਿਖੇ ਦੂਜਾ ਸਾਲਾਨਾ ਕੰਬਾਲਾ ਪੁਆਧ ਪੰਜਾਬੀ ਪੁਸਤਕ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਪੰਜਾਬੀ ਦੇ ਪ੍ਰਮੁੱਖ ਪ੍ਰਕਾਸ਼ਕ, ਪਾਠਕ, ਲੇਖਕ ਅਤੇ ਸਾਹਿਤ ਪ੍ਰੇਮੀ ਸ਼ਮੂਲੀਅਤ ਕਰਨਗੇ।
ਪੁਸਤਕ ਮੇਲੇ ਦੇ ਪ੍ਰਬੰਧਕ ਸ੍ਰੀ ਠਾਕੁਰ ਸਿੰਘ ਬਸਾਤੀ, ਸਰਪੰਚ ਗੁਰਮੁੱਖ ਸਿੰਘ ਕੰਬਾਲਾ, ਠੇਕੇਦਾਰ ਗੁਰਮੇਲ ਸਿੰਘ ਅਤੇ ਪ੍ਰੋ ਸੁਨੀਤਾ ਕੰਬਾਲਾ ਨੇ ਦੱਸਿਆ ਕਿ ਇਹ ਪੁਸਤਕ ਮੇਲਾ ਸਵੇਰੇ ਗਿਆਰਾਂ ਵਜੇ ਆਰੰਭ ਹੋਵੇਗਾ ਅਤੇ ਦੋ ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਯੂਨੀਸਟਾਰ ਪਬਲੀਕੇਸ਼ਨਜ਼, ਤਰਲੋਚਨ ਪਬਲੀਕੇਸ਼ਨਜ਼ ਅਤੇ ਪੰਜਾਬ ਬੁੱਕ ਸੈਂਟਰ ਵੱਲੋਂ ਪੰਜਾਬੀ ਦੀਆਂ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ ਜਗਤਾਰ ਸਿੰਘ ਦੀ ਕਾਵਿ ਪੁਸਤਕ ਵੇਖਣ ਵਾਲੀ ਅੱਖ ਅਤੇ ਖੇਡ ਲੇਖਕ ਸੁਖਵਿੰਦਰਜੀਤ ਸਿੰਘ ਮਨੌਲੀ ਦੀ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਪੁਸਤਕਾਂ ਦੀ ਘੁੰਡ ਚੁਕਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਨ੍ਹਾਂ ਦੋਹਾਂ ਲੇਖਕਾਂ ਤੋਂ ਇਲਾਵਾ ਫ਼ਿਲਮੀ ਅਦਾਕਾਰ ਹਰਬਖਸ ਲਾਟਾ ਅਤੇ ਪਰਮਜੀਤ ਲਾਟਾ, ਪੁਆਧੀ ਫ਼ਿਲਮੀ ਅਦਾਕਾਰਾ ਮੋਹਣੀ ਤੂਰ, ਕਿਸਾਨ ਆਗੂ ਪਰਮ ਬੈਦਵਾਣ, ਪੁਆਧੀ ਭਗਤੀ ਅਖਾਡ਼ਾ ਗਾਇਕ ਤਰਲੋਚਨ ਗੋਬਿੰਦਗਡ਼੍ਹ, ਪਹਿਲਵਾਨ ਅਤੇ ਸਾਰੰਗੀਵਾਦਕ ਅਜਮੇਰ ਸਿੰਘ ਕੰਬਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪੰਜਾਬੀ ਸਾਹਿਤ ਅਤੇ ਪੁਸਤਕਾਂ ਨੂੰ ਪ੍ਰਫੁਲਿਤ ਕਰਨ ਲਈ ਵਿਚਾਰਾਂ ਹੋਣਗੀਆਂ ਅਤੇ ਕਾਵਿ ਵੰਨਗੀਆਂ ਦੀ ਵੀ ਪੇਸ਼ਕਾਰੀ ਹੋਵੇਗੀ। ਇਸ ਮੌਕੇ ਪੰਜਾਬ ਦੀਆਂ ਕਈਂ ਧਾਰਮਿਕ, ਸਮਾਜਿਕ, ਅਤੇ ਸਾਹਿਤਕ ਸਖ਼ਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ।
Published on: ਫਰਵਰੀ 3, 2025 7:43 ਬਾਃ ਦੁਃ