ਫਾਜ਼ਿਲਕਾ : 5 ਬਦਮਾਸ਼ਾਂ ਨਾਲ ਭਿੜਿਆ ਚੌਕੀਦਾਰ, 2 ਨੂੰ ਕੀਤਾ ਪੁਲਿਸ ਹਵਾਲੇ
ਫ਼ਾਜ਼ਿਲਕਾ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਦੇ ਕੋਰਟ ਕੰਪਲੈਕਸ ‘ਚ ਚੌਕੀਦਾਰ ਦੀ ਬਹਾਦਰੀ ਦੀ ਮਿਸਾਲ ਸਾਹਮਣੇ ਆਈ ਹੈ। ਤਿੰਨ ਵਕੀਲਾਂ ਦੇ ਚੈਂਬਰਾਂ ਤੋਂ ਏਸੀ ਚੋਰੀ ਕਰਨ ਵਾਲੇ ਪੰਜ ਬਦਮਾਸ਼ਾਂ ਦਾ ਇਕ ਚੌਕੀਦਾਰ ਨੇ ਇਕੱਲਿਆਂ ਹੀ ਸਾਹਮਣਾ ਕੀਤਾ। ਚੌਕੀਦਾਰ ਸੁਰੇਸ਼ ਕੁਮਾਰ ਨੇ ਨਾ ਸਿਰਫ਼ ਚੋਰਾਂ ਦਾ ਮੁਕਾਬਲਾ ਕੀਤਾ ਸਗੋਂ ਦੋ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਘਟਨਾ ਦੌਰਾਨ ਪੰਜ ਚੋਰਾਂ ਵਿੱਚੋਂ ਤਿੰਨ ਏਸੀ ਚੋਰੀ ਕਰ ਰਹੇ ਸਨ, ਜਦਕਿ ਦੋ ਚੋਰੀ ਦਾ ਸਾਮਾਨ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਚੌਕੀਦਾਰ ਨੇ ਜਿਵੇਂ ਹੀ ਚੋਰਾਂ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਚੋਰਾਂ ਨੇ ਚੌਕੀਦਾਰ ਦੀ ਕੁੱਟਮਾਰ ਕੀਤੀ ਪਰ ਚੌਕੀਦਾਰ ਨੇ ਵੀ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ।
ਇਸ ਦੌਰਾਨ ਜਦੋਂ ਚੌਕੀਦਾਰ ਨੇ ਰੌਲਾ ਪਾਇਆ ਤਾਂ ਕੋਰਟ ਕੰਪਲੈਕਸ ਦੇ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਅਤੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ, ਜਦਕਿ ਤਿੰਨ ਮੌਕੇ ਤੋਂ ਫਰਾਰ ਹੋ ਗਏ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਸਕੱਤਰ ਚੰਦਰਦੀਪ ਮੱਗੂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਵਕੀਲਾਂ ਦੇ ਚੈਂਬਰਾਂ ਵਿੱਚੋਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਚੌਕੀਦਾਰ ਦੀ ਬਹਾਦਰੀ ਨੂੰ ਦੇਖਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਉਸ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਚੌਕੀਦਾਰ ਸੁਰੇਸ਼ ਕੁਮਾਰ ਲੰਬੇ ਸਮੇਂ ਤੋਂ ਵਕੀਲਾਂ ਦੇ ਚੈਂਬਰਾਂ ਦੀ ਸੁਰੱਖਿਆ ਲਈ ਤਾਇਨਾਤ ਸੀ ਅਤੇ ਉਨ੍ਹਾਂ ਦੀ ਚੌਕਸੀ ਨੇ ਵੱਡੀ ਚੋਰੀ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ।
Published on: ਫਰਵਰੀ 3, 2025 12:44 ਬਾਃ ਦੁਃ