ਐੱਸ.ਏ.ਐੱਸ.ਨਗਰ, 5 ਫ਼ਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਣਯੋਗ ਸਕੱਤਰ ਅਤੇ ਕੰਟਰੋਲਰ ਪਰੀਖਿਆਵਾਂ ਨੇ ਆਉਣ ਵਾਲੀਆਂ ਬੋਰਡ ਪਰੀਖਿਆਵਾਂ ਦੇ ਪ੍ਰਬੰਧਾਂ ਸਬੰਧੀ ਰਾਜ ਭਰ ਦੇ ਸਮੂਹ ਖ਼ੇਤਰੀ ਦਫ਼ਤਰਾਂ ਦੇ ਮੈਨੇਜਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਬੁੱਧਵਾਰ, 5 ਫ਼ਰਵਰੀ ਨੂੰ ਹੋਈ ਇਸ ਮੀਟਿੰਗ ਦਾ ਕੇਂਦਰ ਬਿੰਦੂ ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸ਼ੁਰੂ ਹੋਣ ਜਾ ਰਹੀਆਂ ਪਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਉਠਾਏ ਜਾ ਰਹੇ ਮਹੱਤਵਪੂਰਨ ਉਪਰਾਲਿਆਂ ਸਬੰਧੀ ਰਿਹਾ। ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਵੱਲੋਂ ਪ੍ਰਸ਼ਨ ਪੱਤਰਾਂ ਨੂੰ ਬੈਂਕਾਂ ਤੱਕ ਅਤੇ ਬਾਅਦ ਵਿੱਚ ਪਰੀਖਿਆ ਕੇਂਦਰਾਂ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਨਵੀਂ ਪਹਿਲ ਕਰਦੇ ਹੋਏ ਪਰੀਖਿਆ ਕੇਂਦਰਾਂ ਨੂੰ ਕੰਟਰੋਲਡ ਉੱਤਰ ਪੱਤਰੀਆਂ ਹੀ ਸਪਲਾਈ ਕੀਤੀਆਂ ਜਾਣਗੀਆਂ। ਇਹ ਪ੍ਰਕਿਰਿਆ ਸੂਬੇ ਵਿੱਚ ਨਕਲ ਨੂੰ ਨਕੇਲ ਪਾਉਣ ਵਿੱਚ ਇੱਕ ਅਹਿਮ ਰੋਲ ਅਦਾ ਕਰੇਗੀ।
ਇਸ ਤੋਂ ਇਲਾਵਾ ਕੰਟਰੋਲਰ ਪਰੀਖਿਆਵਾਂ ਵੱਲੋਂ ਪਰੀਖਿਆਰਥੀਆਂ ਦੀਆਂ ਵੱਖ-ਵੱਖ ਕੈਟਾਗਰੀਆਂ ਲਈ ਵੀ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਕੈਟਾਗਰੀਆਂ ਲਈ ਡੀ.ਏ. ਕੋਡ ਵਾਲੇ ਪ੍ਰਸ਼ਨ ਪੱਤਰ ਵਿਸ਼ੇਸ਼ ਰੂਪ ਵਿੱਚ ਤਿਆਰ ਕਰਵਾਏ ਗਏ ਹਨ।
ਮੀਟਿੰਗ ਦੌਰਾਨ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਉਣ ਵਾਲੀਆਂ ਪਰੀਖਿਆਵਾਂ ਲਈ ਪੁਖਤਾ ਪ੍ਰਬੰਧ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਰੀਖਿਆਵਾਂ ਦੌਰਾਨ ਤਾਇਨਾਤ ਅਮਲੇ ਵੱਲੋਂ ਕਿਸੇ ਵੀ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬੋਰਡ ਪਰੀਖਿਆਵਾਂ ਲਈ ਖ਼ੇਤਰੀ ਦਫ਼ਤਰਾਂ ਦੁਆਰਾ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਅਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੋਈ ਇਸ ਜ਼ੂਮ ਮੀਟਿੰਗ ਵਿੱਚ ਬੋਰਡ ਦੇ ਸਮੂਹ ਜ਼ਿਲ੍ਹਾ ਮੈਨੈਜਰ ਹਾਜਰ ਹੋਏ। ਇਸ ਮੀਟਿੰਗ ਵਿੱਚ ਸਕੱਤਰ, ਕੰਟਰੋਲਰ ਪਰੀਖਿਆਵਾਂ, ਪਰੀਖਿਆ ਸ਼ਾਖਾਵਾਂ ਅਤੇ ਕਾਰਜ ਸੰਚਾਲਨ ਸ਼ਾਖਾ ਦੇ ਸਮੂਹ ਅਧਿਕਾਰੀਆਂ ਦੇ ਨਾਲ ਨਾਲ ਸਿੱਖਿਆ ਬੋਰਡ ਦੇ ਟੈਕਨੀਕਲ ਵਿੰਗ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।
Published on: ਫਰਵਰੀ 5, 2025 10:08 ਬਾਃ ਦੁਃ