ਵਿਧਾਇਕਾ ਮਾਣੂੰਕੇ ਨੇ ਲਾ-ਪ੍ਰਵਾਹ ਅਫ਼ਸਰਾਂ ਦੀ ਲਾਈ ਕਲਾਸ
ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਦੌਰਾਨ ਗੈਰ-ਹਾਜ਼ਰ ਅਫ਼ਸਰਾਂ ਨੂੰ ਕੱਢੇ ਨੋਟਿਸ
ਜਗਰਾਉਂ : 5 ਫਰਵਰੀ, ਦੇਸ਼ ਕਲਿੱਕ ਬਿਓਰੋ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਐਸ.ਡੀ.ਐਮ.ਦਫਤਰ ਜਗਰਾਉਂ ਵਿਖੇ ਹਲਕੇ ਦੇ ਸਮੂਹ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ ਅਤੇ ਲਾ-ਪ੍ਰਵਾਹ ਅਫ਼ਸਰਾਂ ਨੂੰ ਦੋ ਟੁੱਕ ਕਹਿ ਦਿੱਤਾ, ਕਿ ‘ਜੇਕਰ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਹਨ, ਤਾਂ ਸਹੀ ਤਰੀਕੇ ਨਾਲ ਕਰੋ..ਨਹੀਂ ਤਾਂ ਚੱਲਦੇ ਬਣੋਂ..!।
ਬੀਬੀ ਮਾਣੂੰਕੇ ਨੇ ਇਹਨਾਂ ਤਿੱਖੇ ਤੇਵਰਾਂ ਨਾਲ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਕਿਸੇ ਵੀ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਦੇਰੀ ਕਰਨ ਵਾਲੇ ਅਤੇ ਅਣ-ਗਹਿਲੀ ਕਰਨ ਵਾਲੇ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਪ੍ਰੇਸ਼ਾਨੀ ਆਉਂਦੀ ਹੈ, ਤਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇ। ਇਸ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਐਸ.ਐਮ.ਓ.ਸਿਵਲ ਹਸਪਤਾਲ ਜਗਰਾਉਂ ਅਤੇ ਐਸ.ਡੀ.ਓ.ਜਲ ਸਪਲਾਈ ਅਤੇ ਸੈਨੀਟੇਸ਼ਨ ਜਗਰਾਉਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਅਨੁਸ਼ਾਸ਼ਨੀ ਕਾਰਵਾਈ ਵੀ ਅਰੰਭ ਦਿੱਤੀ ਗਈ।
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹ ਜਗਰਾਉਂ ਹਲਕੇ ਦਾ ਵਿਕਾਸ ਕਰਨ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਾਸ ਕਰਵਾਕੇ ਲਿਆਏ ਹਨ ਅਤੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਦੇਰੀ ਅਤੇ ਅਣ-ਦੇਖੀ ਕਰਨ ਵਾਲੇ ਲਾ-ਪ੍ਰਵਾਹ ਅਫ਼ਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕਾ ਨੇ ਕਈ ਅਫ਼ਸਰਾਂ ਦੀ ਮੀਟਿੰਗ ਵਿੱਚ ਹੀ ਕਲਾਸ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪੈਡਿੰਗ ਪਏ 239 ਇੰਤਕਾਲ ਤੁਰੰਤ ਮੁਕੰਮਲ ਕੀਤੇ ਜਾਣ, ਅਗਵਾੜ ਲੋਪੋ ਅਤੇ ਹਠੂਰ ਵਿਖੇ ਨਵੇਂ ਸੁਵਿਧਾ ਕੇਂਦਰ ਬਨਾਉਣ ਲਈ ਕਾਰਵਾਈ ਤੇਜ਼ ਕੀਤੀ ਜਾਵੇ, ਮਧੇਪੁਰ ਵਿਖੇ ਮੁਹੱਲਾ ਕਲੀਨਿਕ ਬਨਾਉਣ ਲਈ ਪ੍ਰੋਜੈਕਟ ਤਿਆਰ ਕੀਤਾ ਜਾਵੇ, ਡਾ.ਅੰਬੇਡਕਰ ਚੌਂਕ ਵਿਖੇ ਸੜਕ ਠੀਕ ਕੀਤੀ ਜਾਵੇ ਤੇ ਚੌਂਕ ਤੱਕ ਡਿਵਾਈਡਰ ਬਣਾਇਆ ਜਾਵੇ, ਇੰਲਡੋਰ ਖੇਡ ਸਟੇਡੀਅਮ ਲਈ 57 ਲੱਖ ਰੁਪਏ ਮੰਨਜੂਰ ਹੋ ਚੁੱਕੇ ਹਨ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਸਕੂਲ ਆਫ਼ ਐਮੀਨੈਂਸ ਨੂੰ ਜਲਦੀ ਮੁਕੰਮਲ ਕੀਤਾ ਜਾਵੇ, ਪਿੰਡ ਬਾਘੀਆਂ ਤੇ ਸ਼ੇਰੇਵਾਲ ਵਿਖੇ ਸਤਲੁਜ ਦਰਿਆ ਉਪਰ ਵਾਰ ਵਾਰ ਟੁੱਟਦੇ ਬੰਨ ਨੂੰ ਪੱਕਾ ਕੀਤਾ ਜਾਵੇ, ਪਿੰਡ ਕੋਠੇ ਖੰਜੂਰਾਂ ਦੀ ਟੁੱਟੀ ਸੜਕ ਤੁਰੰਤ ਠੀਕ ਕੀਤੀ ਜਾਵੇ, ਬੱਸ ਅੱਡੇ ਦੇ ਬਾਹਰ ਖੜਦੀਆਂ ਬੱਸਾਂ ਅੱਡੇ ਅੰਦਰ ਲਿਜਾਣ ਲਈ ਪੁਲਿਸ ਵਿਭਾਗ ਨਾਲ ਰਾਬਤਾ ਕਰਕੇ ਕਾਰਵਾਈ ਕੀਤੀ ਜਾਵੇ, ਹੋਮਗਾਰਡ ਦਾ ਦਫਤਰ ਬੇਸ਼ਿਕ ਸਕੂਲ ਵਿੱਚੋਂ ਤਬਦੀਲ ਕੀਤਾ ਜਾਵੇ, ਮੁਹੱਲਾ ਰਾਮ ਨਗਰ ਦੇ ਵਾਸੀਆਂ ਨੂੰ ਰਸਤਾ ਦੇਣ ਲਈ ਕਾਰਵਾਈ ਤੇਜ਼ ਕੀਤੀ ਜਾਵੇ, ਪਿੰਡਾਂ ਦੇ ਛੱਪੜ ਖਾਲੀ ਕੀਤੇ ਜਾਣ ਅਤੇ ਜਗਰਾਉਂ ਹਲਕੇ ਦੇ ਪੱਤਰਕਾਰਾਂ ਲਈ ਮੀਡੀਆ ਸੈਂਅਰ ਬਨਾਉਣ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਜਗਰਾਉਂ-ਭੂੰਦੜੀ ਰੋਡ ਤੁਰੰਤ ਬਨਾਉਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਤਾਂ ਉਹਨਾਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੜਕ ਦੇ ਟੈਂਡਰ 10 ਫਰਵਰੀ ਨੂੰ ਖੁੱਲ ਜਾਣਗੇ ਅਤੇ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਵਿਧਾਇਕਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਪੁੱਛਿਆ ਕਿ ਸੀਵਰੇਜ ਅਤੇ ਸ਼ਹਿਰ ਦੀ ਸਫ਼ਾਈ ਲਈ ਕਰੋੜਾਂ ਰੁਪਏ ਨਾਲ ਲਿਆਂਦੀਆਂ ਮਸ਼ੀਨਾਂ ਨਾਲ ਕੰਮ ਕਦੋਂ ਸ਼ੁਰੂ ਹੋਵੇਗਾ ਤਾਂ ਈ.ਓ. ਨੇ ਦੱਸਿਆ ਕਿ ਇਹ ਮਸ਼ੀਨਾਂ ਦੇ 26 ਫਰਵਰੀ ਨੂੰ ਟੈਂਡਰ ਖੋਲ ਦਿੱਤੇ ਜਾਣਗੇ ਅਤੇ ਉਸ ਉਪਰੰਤ ਇਹ ਮਸ਼ੀਨਾਂ ਸ਼ਹਿਰ ਦੀ ਸਫਾਈ ਲਈ ਸੜਕਾਂ ਉਪਰ ਉਤਾਰ ਦਿੱਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਵਿਧਾਇਕਾ ਨੇ ਫੌਰਿਸਟ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕਰਦਿਆਂ ਆਖਿਆ ਕਿ ਲੋਕਾਂ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਅਖਾੜਾ ਨਹਿਰ ਦੇ ਪੁੱਲ ਵਿੱਚ ਅੜਿੱਕਾ ਬਣ ਰਹੇ ਆਪੇ ਉਗੇ ਦਰਖ਼ਤ ਮੰਨਜੂਰੀ ਲੈ ਕੇ ਤੁਰੰਤ ਹਟਾਏ ਜਾਣ, ਤਾਂ ਨੂੰ ਪੁੱਲ ਕੰਮ ਮੁਕੰਮਲ ਕਰਕੇ ਲੋਕਾਂ ਲਈ ਖੋਲਿਆ ਜਾ ਸਕੇ। ਇਸ ਮੀਟਿੰਗ ਵਿੱਚ ਵਿਧਾਇਕਾ ਨੇ ਕੁੱਝ ਦਿਨ ਪਹਿਲਾਂ ਸ਼ਹਿਰ ਤੇ ਕਈ ਪਿੰਡਾਂ ਵਿੱਚ ਹੋਈ ਲੜਾਈ ਤੇ ਗੁੰਡਾ-ਗਰਦੀ ਅਤੇ ਜਗਰਾਉਂ ਸ਼ਹਿਰ ਵਿੱਚ ਟ੍ਰੈਫਿਕ ਦੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਆਖਿਆ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਸ਼ਹਿਰ ਦੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ, ਡੀ.ਐਸ.ਪੀ.ਇੰਦਰਜੀਤ ਸਿੰਘ ਬੋਪਾਰਾਏ, ਬਿਜਲੀ ਵਿਭਾਗ ਦੇ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਇੰਜ:ਮਨਜੀਤ ਸਿੰਘ ਵਿਰਕ, ਇੰਜ:ਹਰਵਿੰਦਰ ਸਿੰਘ ਲੱਖਾ, ਪਰਮਜੀਤ ਸਿੰਘ ਚੀਮਾਂ, ਪੀ.ਡਬਲਿਊ.ਡੀ. ਦੇ ਐਸ.ਡੀ.ਓ. ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਸਿੰਘ ਕਮਾਲਪੁਰਾ ਜੇਈ, ਧੰਨਰਾਜ ਐਗਰੀਕਲ ਅਫ਼ਸਰ, ਗੌਰਵ ਸੋਨੀ, ਡਾ.ਮਨਦੀਪ ਸਿੰਘ ਐਸ.ਐਮ.ਓ.ਸਿੱਧਵਾਂ ਬੇਟ, ਕਵਿਤਾ ਗਰਗ ਬੀ.ਡੀ.ਪੀ.ਓ. ਸਿੱਧਵਾਂ ਬੇਟ, ਸੁਖਦੇਵ ਸਿੰਘ ਰੰਧਾਵਾ ਈ.ਓ.ਜਗਰਾਉਂ, ਐਸ.ਡੀ.ਓ. ਬਲਵਿੰਦਰ ਸਿੰਘ, ਸੁਪਰਡੈਂਟ ਬਿਕਰਮ, ਰੀਡਰ ਅਮਨਦੀਪ ਸਿੰਘ, ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
Published on: ਫਰਵਰੀ 5, 2025 6:38 ਬਾਃ ਦੁਃ