ਰਾਏਪੁਰ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕੁਰੂੜ ਖੇਤਰ ਦੇ ਪਿੰਡ ਚਰਾੜਾ ਨੇੜੇ ਇੱਕ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲਿਸ ਮੁਤਾਬਕ 16 ਸਾਲ ਦਾ ਪ੍ਰੀਤਮ ਚੰਦਰਾਕਰ ਟਰੈਕਟਰ ਚਲਾ ਰਿਹਾ ਸੀ। ਉਸ ਨਾਲ ਮਯੰਕ ਧਰੁਵ (16), ਹਨੇਂਦਰ ਸਾਹੂ (14) ਅਤੇ ਅਰਜੁਨ ਯਾਦਵ ਸਵਾਰ ਸਨ। ਇਹ ਚਾਰੇ ਵਿਦਿਆਰਥੀ ਸਕੂਲ ਜਾਣ ਦੀ ਬਜਾਏ ਟਰੈਕਟਰ ਤੇ ਪਿੰਡ ਕੁਰੜ ਵੱਲ ਨਿਕਲ ਪਏ। ਵਾਪਸੀ ਦੌਰਾਨ ਜਦੋਂ ਉਹ ਪਿੰਡ ਚਰਾੜਾ ਨੇੜੇ ਪਹੁੰਚੇ ਤਾਂ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ ਅਤੇ ਇਕ ਛੱਪੜ ਨੇੜੇ ਪਲਟ ਗਿਆ।
ਹਾਦਸੇ ਵਿੱਚ ਤਿੰਨ ਵਿਦਿਆਰਥੀਆਂ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਅਰਜੁਨ ਯਾਦਵ ਗੰਭੀਰ ਜ਼ਖ਼ਮੀ ਹੋ ਗਿਆ।
ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸੇ ਕਾਰਨ ਪਿੰਡ ’ਚ ਸੋਗ ਦਾ ਮਾਹੌਲ ਹੈ।
Published on: ਫਰਵਰੀ 6, 2025 12:18 ਬਾਃ ਦੁਃ