ਸਾਡੇ ਵਡੇਰਿਆਂ ਨੇ ਸਾਨੂੰ ਜਿਹਨਾਂ ਅਲਾਮਤਾਂ ‘ਚੋਂ ਬਾਹਰ ਕੱਢਿਆ, ਅਸੀਂ ਉਹਨਾਂ ਵਿਚ ਹੋਰ ਗਹਿਰਾ ਧਸ ਗਏ ਹਾਂ: ਰਾਣਾ ਰਣਬੀਰ
ਦਲਜੀਤ ਕੌਰ
ਲਹਿਰਾਗਾਗਾ, 6 ਫਰਵਰੀ, 2025: “ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਜਿਹਨਾਂ ਅਲਾਮਤਾਂ ’ਚੋਂ ਬਾਹਰ ਕੱਢਿਆ ਸੀ, ਅਸੀਂ ਉਨ੍ਹਾਂ ਵਿਚ ਹੋਰ ਗਹਿਰਾ ਧਸ ਗਏ ਹਾਂ। ਸੋਸ਼ਲ-ਮੀਡੀਆ ਦੀ ਆਮਦ ਤੋਂ ਬਾਅਦ ਸਾਡੇ ਸੁਭਾਅ ਅਤੇ ਵਿਹਾਰ ਵਿਚ ਵੱਡਾ ਬਦਲਾਅ ਆਇਆ ਹੈ। ਫੇਸਬੁੱਕ ’ਤੇ ਨਿੱਕੀ-ਨਿੱਕੀ ਗੱਲ ’ਤੇ ਲਾਈਵ ਹੋਣ ਨਾਲ ਸਾਡੀ ਸਥਿਤੀ ਹਾਸੋਹੀਣੀ ਬਣ ਚੁੱਕੀ ਹੈ। ਸੱਚੀ ਅਤੇ ਸਹੀ ਗੱਲ ਕਰਨ ਵਾਲੇ ਬੰਦੇ ਨੂੰ ਮੈਂਟਲ ਕਰਾਰ ਦਿੱਤਾ ਜਾਂਦਾ ਹੈ। ਧਰਮ ਦੇ ਨਾਂ ‘ਤੇ ਬੰਦਾ, ਬੰਦੇ ਦਾ ਦਾਰੂ ਬਣਨ ਦੀ ਬਜਾਏ ਜਾਨ ਦਾ ਵੈਰੀ ਬਣ ਗਿਆ ਹੈ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਅਦਾਕਾਰ ਰਾਣਾ ਰਣਬੀਰ ਨੇ ਸੀਬਾ ਕੈਂਪਸ ਵਿਖੇ ਮਾਪੇ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਬਰ, ਸੰਤੋਖ ਅਤੇ ਸੰਘਰਸ਼ ਹੀ ਗੁਰਬਾਣੀ ਦਾ ਮੂਲ-ਮੰਤਰ ਹੈ। ਜੇਕਰ ਜ਼ਿੰਦਗੀ ‘ਚ ਅੱਗੇ ਵਧਣਾ ਹੈ, ਤਾਂ ਸਾਨੂੰ ਸੁਣਨ, ਸਮਝਣ ਅਤੇ ਸਿੱਖਣ ਦੀ ਆਦਤ ਪਾਉਣੀ ਪਵੇਗੀ। ਆਪਣੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਛੋਟੇ ਕੱਦ ਕਰਕੇ ਬਹੁਤ ਲੋਕ ਟਿੱਚਰਾਂ ਕਰਦੇ ਸਨ, ਪ੍ਰੰਤੂ ਉਹਨਾਂ ਨੇ ਆਪਣੇ ਕੰਮਾਂ ਰਾਹੀਂ ਆਪਣਾ ਕੱਦ ਉੱਚਾ ਕਰਕੇ ਵਿਖਾਇਆ ਹੈ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ 10ਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਲਾਈਲੱਗਤਾ ਨਾਲ ਨਹੀਂ, ਸਗੋਂ ਆਪਣੀਆਂ ਯੋਗਤਾਵਾਂ ਅਤੇ ਇੱਛਾਵਾਂ ਨਾਲ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਰਾਣਾ ਰਣਬੀਰ ਨੂੰ ਕਾਮੇਡੀ ਅਦਾਕਾਰ ਵਜੋਂ ਜਾਣਦੇ ਹਨ, ਪਰ ਬਹੁਤ ਘੱਟ ਇਸ ਗੱਲ ਤੋਂ ਜਾਣੂ ਹਨ ਕਿ ਉਹ ਇਕ ਗੰਭੀਰ ਚਿੰਤਕ ਅਤੇ ਮਹੀਨ ਸੂਝ ਵਾਲਾ ਲੇਖਕ ਵੀ ਹੈ। ਉਸ ਦੀ ਪਹਿਲੀ ਕਾਵਿ-ਪੁਸਤਕ ‘ਕਿਣਮਿਣ ਤਿਪ-ਤਿਪ’ ਸਾਲ 2013 ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਦੀਆਂ ਦੋ ਹੋਰ ਕਿਤਾਬਾਂ, ’20 ਨਵੰਬਰ ਅਤੇ ‘ਜ਼ਿੰਦਗੀ ਜ਼ਿੰਦਾਬਾਦ’ 2015 ਵਿੱਚ ਪ੍ਰਕਾਸ਼ਿਤ ਹੋਈਆਂ। ਫਿਰ ਤਿੰਨ ਸਾਲਾਂ ਦੇ ਅੰਤਰਾਲ ਬਾਅਦ ‘ਦੀਵਾ’ ਨਾਂ ਦੀ ਇੱਕ ਹੋਰ ਕਿਤਾਬ 2018 ਵਿੱਚ ਛਪੀ। ਅੱਜ-ਕੱਲ੍ਹ ਉਹ ਪੰਜਾਬ ਵਿਚ ‘ਮਾਸਟਰ ਜੀ’ ਨਾਟਕ ਦਾ ਮੰਚਨ ਕਰ ਰਹੇ ਹਨ, ਇਸ ਨਾਟਕ ਦੇ 80 ਤੋਂ ਵੱਧ ਸ਼ੋਅ ਹੋ ਚੁੱਕੇ ਹਨ। ਰਾਣਾ ਰਣਬੀਰ ਦੀਆਂ ਲਿਖਤਾਂ ਉਚੇਰੀਆਂ ਸਮਾਜਕ ਅਤੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਹਨ।
Published on: ਫਰਵਰੀ 6, 2025 3:13 ਬਾਃ ਦੁਃ