ਸੀ.ਪੀ.ਆਈ. (ਐੱਮ-ਐੱਲ) ਨਿਊ ਡੈਮੋਕ੍ਰੇਸੀ ਨੇ ਟਰੰਪ ਵੱਲੋਂ ਭਾਰਤੀਆਂ ਨੂੰ ਅਣਮਨੁੱਖੀ ਤਰੀਕੇ ਨਾਲ ਵਾਪਸ ਭੇਜਣ ਦੀ ਕੀਤੀ ਨਿੰਦਾ
ਦਲਜੀਤ ਕੌਰ
ਚੰਡੀਗੜ੍ਹ, 6 ਫਰਵਰੀ, 2025: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਪ੍ਰਵਾਸੀਆਂ ਸਬੰਧੀ ਕੀਤੀ ਜਾ ਰਹੀ ਬਿਆਨਬਾਜੀ ਅਤੇ ਡਿਪੋਰਟ ਕੀਤੇ ਪ੍ਰਵਾਸੀ ਭਾਰਤੀਆਂ ਨਾਲ ਕੀਤੇ ਸਲੂਕ-ਵਰਤਾਓ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਪਾਰਟੀ ਵਲੋਂ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਰੁਜ਼ਗਾਰ ਦੀ ਭਾਲ ਵਿੱਚ ਗਏ ਪ੍ਰਦੇਸੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤੇ ਜਾਣ ਪਿੱਛੋਂ ਹੱਥਕੜੀਆਂ ਅਤੇ ਬੇੜੀਆਂ ਨਾਲ ਨੂੜ ਕੇ ਫੌਜੀ ਜਹਾਜ਼ ਰਾਹੀਂ ਭੇਜਣਾ ਗੈਰ-ਮਨੁੱਖੀ ਅਤੇ ਨਿੰਦਣਯੋਗ ਅਮਲ ਹੈ। ਕੋਈ ਦੇਸ਼ ਪ੍ਰਵਾਸ ਨੀਤੀ ਬਣਾਉਣ ਅਤੇ ਅਮਲ ’ਚ ਲਿਆਉਣ ਲਈ ਆਜ਼ਾਦ ਤਾਂ ਹੈ ਪਰ ਜਿਸ ਢੰਗ ਨਾਲ ਅਮਰੀਕੀ ਪ੍ਰਸਾਸ਼ਨ ਨੇ ਇਸ ਨੂੰ ਘਟੀਆ ਤਰੀਕੇ ਨਾਲ ਅਮਲ ਵਿੱਚ ਲਿਆਂਦਾ ਹੈ ਅਤੇ ਪ੍ਰਵਾਸੀਆਂ ਨਾਲ ਅਪਰਾਧਿਕ ਢੰਗ ਨਾਲ ਵਰਤਾਉ ਕੀਤਾ ਹੈ, ਉਹ ਨਿਖੇਧੀਜਨਕ ਹੈ। ਮੋਦੀ, ਟਰੰਪ ਨੂੰ ਆਪਣਾ ਗੂੜ੍ਹਾ ਦੋਸਤ ਮੰਨਦਾ ਹੈ ਪਰ ਟਰੰਪ ਨੇ ਭਾਰਤੀਆਂ ਨੂੰ ਵਾਪਸ ਭੇਜਣ ਸਬੰਧੀ ਕੋਈ ਗੱਲਬਾਤ ਕਰਨ ਜਾਂ ਕੂਟਨੀਤਕ ਢੰਗ ਨਾਲ ਹੱਲ ਕਰਨਾ ਵੀ ਯੋਗ ਨਹੀਂ ਸਮਝਿਆ। ਮੋਦੀ ਸਰਕਾਰ ਨੇ ਵੀ ਇਹਨਾਂ ਭਾਰਤੀਆਂ ਦੀ ਵਾਪਸੀ ਨੂੰ ਸੁਚੱਜੇ ਢੰਗ ਨਾਲ ਲਿਆਉਣ ਯੋਗ ਨਹੀਂ ਸਮਝਿਆ ਸਗੋਂ ਗੈਰ-ਕਾਨੂੰਨੀ ਪ੍ਰਵਾਸ ਨੂੰ ਅਣਉੱਚਿਤ ਕਹਿਕੇ ਟਰੰਪ ਪ੍ਰਸਾਸ਼ਨ ਦੀ ਹਮਾਇਤ ਕੀਤੀ ਹੈ। ਭਾਰਤ ਵਿੱਚ ਭਵਿੱਖ ਅਸੁਰੱਖਿਅਤ ਮਹਿਸੂਸ ਕਰ ਰਹੇ ਲੋਕ ਰੁਜ਼ਗਾਰ ਦੀ ਭਾਲ ਵਿੱਚ ਜ਼ਮੀਨਾਂ ਵੇਚ, ਕਰਜ਼ੇ ਚੁੱਕ ਅਤੇ ਜਾਨਾਂ ਖਤਰੇ ਵਿੱਚ ਪਾ ਕੇ ਕਾਨੂੰਨੀ, ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਲਈ ਮਜ਼ਬੂਰ ਹਨ। ਮੋਦੀ ਸਰਕਾਰ ਵੱਲੋਂ ਵਿਕਸਤ ਭਾਰਤ, ਰੁਜ਼ਗਾਰ ਦੇਣ ਦੇ ਵਾਅਦੇ ਨਿਰਾ ਝੂਠ ਸਾਬਤ ਹੋਏ ਹਨ। ਗੁਜਰਾਤ ਮਾਡਲ ਦੇ ਵਿਕਾਸ ਦੇ ਲੰਬੇ-ਚੌੜੇ ਵਾਅਦਿਆਂ ਦੀ ਪੋਲ ਖੁੱਲ੍ਹ ਗਈ ਹੈ। ਵਾਪਸ ਆਏ ਭਾਰਤੀਆਂ ਵਿੱਚ ਗੁਜਰਾਤ ਦੇ ਸਭ ਤੋਂ ਵੱਧ ਹਨ। ਭਗਵੰਤ ਮਾਨ ਸਰਕਾਰ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੇਂਦਰ ਨੂੰ ਇਹਨਾਂ ਦੀ ਢਾਲ ਬਣਨ ਦੀ ਅਪੀਲ ਕਰਕੇ ਹੀ ਸੁਰਖ਼ਰੂ ਹੋ ਗਏ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਪੱਲਾ ਝਾੜ ਲਿਆ ਹੈ। ਪਾਰਟੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਸਰਕਾਰਾਂ ਦੇ ਵਿਰੋਧ ਕਰਨ ਦਾ ਪੈਂਤੜਾ ਮੱਲਣ ਅਤੇ ਦੇਸ਼ ਵਿੱਚ ਹੀ ਚੰਗੇ ਸਮਾਜ ਦੀ ਉਸਾਰੀ ਲਈ ਸੰਘਰਸ਼ ਦਾ ਰਾਹ ਮੱਲਣਾ ਚਾਹੀਦਾ ਹੈ। ਉਹਨਾਂ ਨੇ ਟਰੰਪ ਸਰਕਾਰ ਦੇ ਇਸ ਵਤੀਰੇ ਦਾ ਲੋਕਾਂ ਨੂੰ ਲਾਮਬੰਦ ਹੋ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਅਤੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਪ੍ਰੇਰਿਆ।
Published on: ਫਰਵਰੀ 6, 2025 3:35 ਬਾਃ ਦੁਃ