‘ਆਪ’ ਨੇ ਅਮਰੀਕਾ ਤੋਂ 104 ਭਾਰਤੀਆਂ ਨੂੰ ਬੇਰਹਿਮੀ ਨਾਲ ਡਿਪੋਰਟ ਕਰਨ ਦੀ ਕੀਤੀ ਨਿੰਦਾ, ਮੋਦੀ ਸਰਕਾਰ ਤੋਂ  ਮੰਗੀ ਜਵਾਬਦੇਹੀ

Punjab

‘ਆਪ’ ਨੇ ਅਮਰੀਕਾ ਤੋਂ 104 ਭਾਰਤੀਆਂ ਨੂੰ ਬੇਰਹਿਮੀ ਨਾਲ ਡਿਪੋਰਟ ਕਰਨ ਦੀ ਕੀਤੀ ਨਿੰਦਾ, ਮੋਦੀ ਸਰਕਾਰ ਤੋਂ  ਮੰਗੀ ਜਵਾਬਦੇਹੀ

ਮੋਦੀ ਕਹਿੰਦੇ ਹਨ ਕਿ ਟਰੰਪ ਉਨ੍ਹਾਂ ਦੇ ਦੋਸਤ ਹਨ, ਫਿਰ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਹੋ ਰਿਹਾ ਹੈ? ਮਲਵਿੰਦਰ ਕੰਗ

ਆਪ’ ਨੇਤਾ ਨੀਲ ਗਰਗ ਨੇ ਹਰਿਆਣਾ ਸਰਕਾਰ ‘ਤੇ ਡਿਪੋਰਟ ਹੋਏ ਲੋਕਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਨ ਦੀ ਕੀਤੀ ਨਿੰਦਾ, ਉਨ੍ਹਾਂ ਦੀ ਆਵਾਜਾਈ ਲਈ ਜੇਲ੍ਹ ਬੱਸ ਦੀ ਵਰਤੋਂ ‘ਤੇ ਉਠਾਏ ਸਵਾਲ

ਚੰਡੀਗੜ੍ਹ, 6 ਫਰਵਰੀ, 2025, ਦੇਸ਼ ਕਲਿੱਕ ਬਿਓਰੋ

ਆਮ ਆਦਮੀ ਪਾਰਟੀ (ਆਪ) ਨੇ ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕਰਨ ਅਤੇ ਉਨ੍ਹਾਂ ਨਾਲ ਕੀਤੇ ਗਏ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ, ‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇਸ ਕਾਰਵਾਈ ਨੂੰ “ਮੰਦਭਾਗਾ” ਕਰਾਰ ਦਿੱਤਾ ਅਤੇ ਭਾਰਤੀ ਲੋਕਾਂ ਨਾਲ ਕੀਤੇ ਗਏ ਵਿਵਹਾਰ ਦੇ ਤਰੀਕੇ ਦੀ ਆਲੋਚਨਾ ਕੀਤੀ।

ਇਸ ਮੁੱਦੇ ‘ਤੇ ਬੋਲਦੇ ਹੋਏ ਕੰਗ ਨੇ ਕਿਹਾ “ਜਿਸ ਤਰੀਕੇ ਨਾਲ ਉਨ੍ਹਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਅਤੇ ਡਿਪੋਰਟ ਕੀਤਾ ਗਿਆ, ਜਿਵੇਂ ਕਿ ਉਹ ਕੱਟੜ ਅਪਰਾਧੀ ਹੋਣ, ਉਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਇਮੀਗ੍ਰੇਸ਼ਨ ਇੱਕ ਵਿਸ਼ਵਵਿਆਪੀ ਵਰਤਾਰਾ ਹੈ ਅਤੇ ਲੋਕ ਅਕਸਰ ਬਿਹਤਰ ਮੌਕਿਆਂ ਦੀ ਭਾਲ ਵਿੱਚ ਪਰਵਾਸ ਕਰਦੇ ਹਨ। ਉਨ੍ਹਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰਨ ਨਾਲ ਨਾ ਸਿਰਫ਼ ਸਾਡੇ ਦੇਸ਼ ਦੀ ਛਵੀ ਖਰਾਬ ਹੋਈ ਹੈ ਬਲਕਿ ਇਨ੍ਹਾਂ ਵਿਅਕਤੀਆਂ ਨੂੰ ਵੀ ਅਪਮਾਨਿਤ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਨੇ ਸੰਸਦ ਵਿੱਚ ਭਾਰਤ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਕੰਗ ਨੇ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ‘ਤੇ ਸਵਾਲ ਉਠਾਇਆ ਅਤੇ ਕਿਹਾ “ਮੋਦੀ ਦਾਅਵਾ ਕਰਦੇ ਹਨ ਕਿ ਟਰੰਪ ਉਨ੍ਹਾਂ ਦੇ ਦੋਸਤ ਹਨ, ਫਿਰ ਉਹ ਇਸ ਮੁੱਦੇ ਨੂੰ ਉਨ੍ਹਾਂ ਨਾਲ ਕਿਉਂ ਨਹੀਂ ਉਠਾ ਰਹੇ? ਉਹ ਭਾਰਤੀਆਂ ਨਾਲ ਅਜਿਹਾ ਘਟੀਆ ਵਿਵਹਾਰ ਕਿਉਂ ਕਰਨ ਦੇ ਰਹੇ ਹਨ, ਜਿਵੇਂ ਕਿ ਉਹ ਅਪਰਾਧੀ ਹੋਣ?” ਉਨ੍ਹਾਂ ਪ੍ਰਧਾਨ ਮੰਤਰੀ ਨੂੰ ਭਾਰਤੀ ਨਾਗਰਿਕਾਂ ਦੇ ਸਨਮਾਨ ਲਈ ਖੜ੍ਹੇ ਹੋਣ ਅਤੇ ਅਮਰੀਕੀ ਅਧਿਕਾਰੀਆਂ ਤੋਂ ਜਨਤਕ ਸਪੱਸ਼ਟੀਕਰਨ ਦੀ ਮੰਗ ਕਰਨ ਦੀ ਅਪੀਲ ਕੀਤੀ।

‘ਆਪ’ ਦੇ ਸੀਨੀਅਰ ਆਗੂ ਨੀਲ ਗਰਗ ਨੇ ਵੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਪ੍ਰਤੀ ਉਦਾਸੀਨਤਾ ਦੀ ਆਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੌਜਵਾਨਾਂ ਨੂੰ ਜੇਲ੍ਹ ਬੱਸ ਵਿੱਚ ਲੈ ਕੇ ਗਈ, ਉਨ੍ਹਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ। ਗਰਗ ਨੇ ਕਿਹਾ “ਇਹ ਨੌਜਵਾਨ ਟੁੱਟੇ ਸੁਪਨਿਆਂ ਨਾਲ ਵਾਪਸ ਆਏ ਹਨ। ਉਹ ਸਹਾਇਤਾ ਅਤੇ ਪੁਨਰਵਾਸ ਦੇ ਹੱਕਦਾਰ ਹਨ, ਇਸ ਅਣਮਨੁੱਖੀ ਵਿਵਹਾਰ ਦੇ ਨਹੀਂ,” 

ਇਸ ਮਾਮਲੇ ‘ਤੇ ਮੀਡੀਆ ਦੀ ਚੁੱਪੀ ‘ਤੇ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ, ਗਰਗ ਨੇ ਕਿਹਾ ਕਿ ਭਾਜਪਾ ਸਰਕਾਰ ਭਾਰਤ ਵਿੱਚ ਰੁਜ਼ਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਭਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਹ ਮੁੱਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਚੁੱਕਣ ਅਤੇ ਸਖ਼ਤ ਵਿਵਹਾਰ ਲਈ ਜਵਾਬਦੇਹੀ ਦੀ ਮੰਗ ਕਰਨ।

‘ਆਪ’ ਨੇਤਾ ਨੇ ਕਿਹਾ ਕਿ ਇਹ ਘਟਨਾ ਭਾਰਤ ਦੇ ਵਿਸ਼ਵਵਿਆਪੀ ਅਕਸ ਨੂੰ ਮਾੜਾ ਦਰਸਾਉਂਦੀ ਹੈ ਅਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ, ਇਸ ਨੂੰ ਯਕੀਨੀ ਬਣਾਉਣ ਲਈ ਤੁਰੰਤ ਕੂਟਨੀਤਕ ਦਖਲਅੰਦਾਜ਼ੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ‘ਆਪ’ ਨੇ ਮੋਦੀ ਸਰਕਾਰ ਤੋਂ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਹਰ ਭਾਰਤੀ ਨਾਗਰਿਕ ਦੇ ਸਨਮਾਨ ਨੂੰ ਯਕੀਨੀ ਬਣਾਉਣ ਦੀ ਆਪਣੀ ਮੰਗ ਦੁਹਰਾਈ।

Published on: ਫਰਵਰੀ 6, 2025 5:44 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।