ਸਹਾਇਤਾ ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸਾਲਾਘਾਯੋਗ ਹਨ: ਡੀ.ਆਈ.ਜੀ ਮਨਦੀਪ ਸਿੰਘ ਸਿੱਧੂ
ਦਿੜ੍ਹਬਾ -6 ਫਰਵਰੀ (ਜਸਵੀਰ ਲਾਡੀ )
ਪੰਜਾਬ ਪੁਲੀਸ ਦੇ ਇਮਾਨਦਾਰੀ ਅਧਿਕਾਰੀ ਮਨਦੀਪ ਸਿੰਘ ਸਿੱਧੂ ਡੀ.ਆਈ.ਜੀ ਰੇਂਜ ਪਟਿਆਲਾ ਭਾਈ ਮੁਗਲੂ ਸਿੰਘ ਗੁਰਦੁਆਰਾ ਸਾਹਿਬ ਗੰਢੂਆਂ ਵਿਖੇ ਨਤਮਸਤ ਹੋਏ। ਇਸ ਮੌਕੇ ਉਹਨਾਂ ਨਾਲ ਪ੍ਰਿਥਵੀ ਸਿੰਘ ਚਹਿਲ ਡੀ.ਐਸ.ਪੀ ਦਿੜ੍ਹਬਾ, ਸਹਾਇਤਾ ਸੰਸਥਾ ਇੰਡੀਆ ਦੇ ਜ਼ਿਲ੍ਹਾ ਕੁਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਪੱਤਰਕਾਰ ਪੰਜਾਬੀ ਟ੍ਰਿਬਿਊਨ, ਅਜੀਤ ਦੇ ਪੱਤਰਕਾਰ ਗੁਰਜੀਤ ਸਿੰਘ ਚਹਿਲ, ਗੁਰਮੀਤ ਸਿੰਘ ਐਸ.ਐਚ.ਓ ਥਾਣਾ ਛਾਜਲੀ, ਗੁਰਪਾਲ ਸਿੰਘ ਐਸਐਚਓ ਥਾਣਾ ਧਰਮਗੜ੍ਹ ਤੋਂ ਇਲਾਵਾ ਗੁਰਦੁਆਰਾ ਸਾਹਿਬ ਗੰਢੂਆਂ ਦੇ ਰਸੀਵਰ ਪਰਵਿੰਦਰ ਸਿੰਘ ਗੰਢੂਆਂ, ਹਰਵਿੰਦਰਵੀਰ ਸਿੰਘ ਫਤਿਹਗੜ੍ਹ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡੀਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਦੂਜੀ ਵਾਰ ਪਿੰਡ ਗੰਢੂਆਂ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤ ਹੋਏ ਹਨ ਕਿਊਂਕਿ ਇਸ ਤੋਂ ਦੋ ਸਾਲ ਪਹਿਲਾਂ ਮੈਨੂੰ ਸਹਾਇਤਾ ਸੰਸਥਾ ਦੇ ਜ਼ਿਲ੍ਹਾ ਕੁਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੇ ਸੱਦੇ ਤੇ ਇੱਥੇ ਬਤੌਰ ਐਸ.ਐਸ.ਪੀ ਬੱਚਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਸੀ। ਮਨੁੱਖਤਾ ਦੀ ਸੇਵਾ ਦਾ ਕੰਮ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ ਜਿਸ ਕਰਕੇ ਸਹਾਇਤਾ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸਾਲਘਾਯੋਗ ਹਨ। ਇਸ ਮੌਕੇ ਰਣਜੀਤ ਸਿੰਘ ਸ਼ੀਤਲ ਨੇ ਆਪਣੇ ਸੰਬੋਧਨ ਵਿੱਚ ਪੁਲੀਸ ਵਿਭਾਗ ਵਿੱਚ ਡੀ.ਆਈ.ਜੀ ਸਿੱਧੂ ਵੱਲੋਂ ਈਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਦੀ ਸਾਲਘਾ ਕਰਦਿਆਂ ਕਿਹਾ ਕਿ ਸ਼੍ਰੀ ਸਿੱਧੂ ਵੱਲੋਂ ਪੁਲੀਸ ਵਿਭਾਗ ਅਤੇ ਸਮਾਜ ਸੇਵੀ ਕੰਮਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਕਾਰਨ ਸ਼੍ਰੀ ਸਿੱਧੂ ਲੋਕਾਂ ਲਈ ਪੇ੍ਰਰਣਾ ਸਰੋਤ ਹਨ। ਇਸ ਮੌਕੇ ਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਚਹਿਲ ਨੇ ਮੰਚ ਦਾ ਸੰਚਾਲਨ ਕਰਦਿਆਂ ਕਿਹਾ ਕਿ ਅਸੀਂ ਸ਼੍ਰੀ ਸਿੱਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਦੁਬਾਰਾ ਸਿਰਕਤ ਕੀਤੀ ਹੈ। ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਰਸੀਵਰ ਪਰਵਿੰਦਰ ਸਿੰਘ ਗੰਢੂਆਂ, ਹਰਿੰਦਰਵੀਰ ਸਿੰਘ, ਅਜੀਤ ਦੇ ਪੱਤਰਕਾਰ ਮੇਜਰ ਸਿੰਘ ਸਿੱਧੂ, ਨਾਇਬ ਸਿੰਘ ਅਤੇ ਹੋਰ ਵਿਅਕਤੀਆਂ ਵੱਲੋਂ ਸਕੂਲੀ ਬੱਚਿਆ ਅਤੇ ਪ੍ਰਮੁੱਖ ਸਖ਼ਸੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
Published on: ਫਰਵਰੀ 6, 2025 3:39 ਬਾਃ ਦੁਃ