ਨਵਾਂਸ਼ਹਿਰ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਨਵਾਂਸ਼ਹਿਰ ‘ਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਪਿੰਡ ਨਾਈਮਜਾਰਾ ਦੇ ਕਣਕ ਦੇ ਖੇਤ ਵਿੱਚੋਂ ਮਿਲੀ ਮ੍ਰਿਤਕ ਔਰਤ ਦੀ ਪਛਾਣ ਬਿਮਲਾ (35) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਫ਼ਿਰਾਜ਼ਪੁਰ ਦੀ ਰਹਿਣ ਵਾਲੀ ਸੀ।
ਬਿਮਲਾ ਪਿਛਲੇ 12 ਸਾਲਾਂ ਤੋਂ ਸਾਬਕਾ ਸਰਪੰਚ ਰਾਣਾ ਨਾਈਮਜਾਰਾ ਦੀ ਮੋਟਰ ’ਤੇ ਬਣੇ ਕਮਰੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੀ ਸੀ।ਮੌਕੇ ‘ਤੇ ਮੌਜੂਦ ਸੰਜੇ ਅਨੁਸਾਰ ਬਿਮਲਾ ਸਵੇਰੇ ਘਰੋਂ ਕੰਮ ਲਈ ਨਿਕਲੀ ਸੀ, ਪਰ ਉੱਥੇ ਨਹੀਂ ਪਹੁੰਚੀ। ਦੁਪਹਿਰ ਬਾਅਦ ਰਾਹਗੀਰਾਂ ਨੇ ਖੇਤ ‘ਚ ਉਸ ਦੀ ਲਾਸ਼ ਦੇਖੀ ਅਤੇ ਪਛਾਣ ਕੀਤੀ।
ਨਵਾਂਸ਼ਹਿਰ ਦੇ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਦੁਪਹਿਰ 3 ਵਜੇ ਘਟਨਾ ਦੀ ਸੂਚਨਾ ਮਿਲੀ। ਮੁੱਢਲੀ ਜਾਂਚ ‘ਚ ਔਰਤ ਦੀ ਗਰਦਨ ਅਤੇ ਮੋਢੇ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Published on: ਫਰਵਰੀ 6, 2025 5:34 ਬਾਃ ਦੁਃ