ਫਰੀਦਕੋਟ, 6 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਇਕ ਸਰਕਾਰੀ ਸਕੂਲ ਦੀਆਂ ਗ੍ਰਾਟਾਂ ਵਿਚ ਘਪਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਫਰੀਦਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਗਿਆਣਾ ਦੀ ਗ੍ਰਾਂਟ ਵਿੱਚ ਹੇਰਾ ਫੇਰੀ ਕਰਨ ਦੇ ਮਾਮਲੇ ਵਿੱਚ 6 ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਅਤੇ ਇਕ ਹੋਰ ਵਿਅਕਤੀ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਸਾਦਿਕ ਦੇ ਰਹਿਣ ਵਾਲੇ ਰਾਜਵੀਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਪਿੱਛੋਂ ਅਦਾਲਤ ਦੇ ਹੁਕਮਾਂ ਉਤੇ ਡੀਈਓ ਐਲੀਮੈਂਟਰੀ ਦੀ ਸਿਫਾਰਸ਼ ਉਤੇ ਇਹ ਕਾਰਵਾਈ ਕੀਤੀ ਗਈ। ਇਸ ’ਚ ਸਾਬਕਾ ਡੀਈਓ ਫ਼ਰੀਦਕੋਟ ਧੰਨਾ ਸਿੰਘ ਦਿਓਲ, ਸਰਕਾਰੀ ਪ੍ਰਾਇਣਰੀ ਸਕੂਲ ਪਿਪਲੀ ਦੇ ਸੀਐੱਚਟੀ ਜਸਕੇਵਲ ਸਿੰਘ, ਡੀਈਓ ਦੇ ਸੀਨੀਅਰ ਹੈਲਪਰ ਸੁਖਜਿੰਦਰ ਸਿੰਘ, ਸਰਕਾਰੀ ਸੀਸੈ ਸਕੂਲ ਮਚਾਕੀ ਮੱਲ ਸਿੰਘ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਵਾਂਲੀ ਦੇ ਪ੍ਰਿੰਸੀਪਲ ਵਰਿੰਦਰ ਕੁਮਾਰ ਸਲਹੋਤਰਾ, ਸਰਕਾਰੀ ਸੀਸੈ ਸਕੂਲ ਘੁਗਿਆਣਾ ਦੇ ਪ੍ਰਿੰਸੀਪੁਲ ਸੁਧਾ ਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਸਾਬਕਾ ਮੈਂਬਰ ਨਛੱਤਰ ਸਿੰਘ ਦੇ ਨਾਮ ਸ਼ਾਮਲ ਹਨ।
ਸ਼ਿਕਾਇਤ ਕਰਤਾ ਰਾਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2019 ’ਚ ਆਪਣੇ ਖ਼ਿਲਾਫ਼ ਦਰਜ ਇਕ ਝੂਠੇ ਮਾਮਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੱਛਤਰ ਸਿੰਘ ਦੇ ਹਸਤਾਖਰਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਆਰਟੀਆਈ ਤਹਿਤ ਉਸ ਦੇ ਹਸਤਾਖਰ ਸਬੰਧੀ ਜਾਣਕਾਰੀ ਮੰਗੀ ਸੀ। ਉਸ ਵੇਲੇ ਸਕੂਲ ਦੇ ਪ੍ਰਿੰਸੀਪਲ ਜਸਕੇਵਲ ਸਿੰਘ ਨੇ ਕਥਿਤ ਤੌਰ ’ਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਦਿਆਂ ਨਛੱਤਰ ਸਿੰਘ ਦੇ ਹਸਤਾਖਰ ਬਦਲ ਦਿੱਤੇ ਸਨ। ਇਸ ਕਾਰਨ ਉਨ੍ਹਾਂ ਦੀ ਸ਼ਿਕਾਇਤ ’ਤੇ ਵਿਭਾਗੀ ਜਾਂਚ ਸ਼ੁਰੂ ਹੋਈ। ਜਾਂਚ ਕਮੇਟੀ ’ਚ ਸ਼ਾਮਿਲ ਉਕਤ ਪ੍ਰਿੰਸੀਪਲਾਂ ਵੱਲੋਂ ਕਥਿਤ ਤੌਰ ’ਤੇ ਤੱਤਕਾਲੀ ਡੀਈਓ ਧੰਨਾ ਸਿੰਘ ਦੇ ਕਹਿਣ ’ਤੇ ਜਾਂਚ ’ਚ ਜਸਕੇਵਲ ਸਿੰਘ ਨੂੰ ਦੋਸ਼ਾਂ ਤੋਂ ਬਚਾਇਆ ਗਿਆ। ਜਾਂਚ ਮੁਤਾਬਕ ਸਕੂਲ ਨੂੰ ਤਿੰਨ ਕਮਰਿਆਂ ਦੇ ਨਿਰਮਾਣ ਲਈ ਦੋ ਕਿਸ਼ਤਾਂ ਦੇ ਰੂਪ ’ਚ 7,55,40 ਰੁਪਏ ਦੀ ਗ੍ਰਾਂਟ ਜਾਰੀ ਹੋਈ ਸੀ ਪਰ ਪ੍ਰਿੰਸੀਪਲ ਦੇ ਰਿਕਾਰਡ ਮੁਤਾਬਕ ਉੱਕਤ ਕਮਰਿਆਂ ਦੇ ਨਿਰਮਾਣ ’ਚ 10 ਲੱਖ 83 ਹਜ਼ਾਰ 775 ਰੁਪਏ ਦੀ ਗ੍ਰਾਂਟ ਖ਼ਰਚ ਕਰ ਦਿੱਤੀ ਗਈ।
ਇਸੇ ਤਰ੍ਹਾਂ ਸਕੂਲ ’ਚ ਕੈਮਰੇ ਲਗਾਉਣ ਲਈ ਮਿਲੀ 12 ਹਜ਼ਾਰ ਰੁਪਏ ਦੀ ਗ੍ਰਾਂਟ ਦੀ ਥਾਂ 16 ਹਜ਼ਾਰ 500 ਰੁਪਏ ਖ਼ਰਚ ਕਰਕੇ ਸਿਰਫ਼ ਦੋ ਕੈਮਰੇ ਲਗਵਾਏ ਗਏ। ਜਦਕਿ ਜ਼ਿਲ੍ਹੇ ਦੇ ਹੋਰ ਸਕੂਲਾਂ ’ਚ 12 ਹਜ਼ਾਰ ਰੁਪਏ ’ਚ ਪੰਜ ਕੈਮਰੇ ਲਗਵਾਏ ਗਏ ਸਨ। ਏਨਾ ਹੀ ਨਹੀਂ ਜਸਕੇਵਲ ਸਿੰਘ ਤੋਂ ਬਾਅਦ ਬਤੌਰ ਪ੍ਰਿੰਸੀਪਲ ਪੂਜਾ ਰਾਣੀ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਉਸ ’ਤੇ ਦਬਾਅ ਬਣਾਉਣ ਤੇ ਧਮਕੀਆ ਦੇਣ ਦਾ ਦੋਸ਼ ਵੀ ਲਗਾਇਆ ਗਿਆ ਸੀ।
ਇਸ ਸਬੰਧੀ ਡੀਈਓ ਐਲੀਮੈਂਟਰੀ ਅੰਜਨਾ ਕੌਸ਼ਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਪੁਰਾਣਾ ਹੈ ਤੇ ਹੁਕਮਾਂ ਮੁਤਾਬਕ ਉਨ੍ਹਾਂ ਵੱਲੋਂ ਐੱਫਆਈਆਰ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਹੁਣ ਐੱਫਆਈਆਰ ਦਰਜ ਹੋਣ ਤੋਂ ਬਾਅਦ ਉਕਤ ਮੁਲਜ਼ਮਾਂ ਖ਼ਿਲਾਫ਼ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Published on: ਫਰਵਰੀ 6, 2025 12:49 ਬਾਃ ਦੁਃ