ਸੰਤ ਹਰਚੰਦ ਸਿੰਘ ਲੌਂਗੋਵਾਲ ਕਾਲਜ ਦੀ ਮੈਨੇਜਮੈਂਟ ਖਿਲਾਫ ਲੌਂਗੋਵਾਲ ਨਿਵਾਸੀਆਂ ਵੱਲੋਂ ਭੁੱਖ ਹੜਤਾਲ ਅਤੇ ਧਰਨਾ ਸ਼ੁਰੂ
ਦਲਜੀਤ ਕੌਰ
ਲੌਂਗੋਵਾਲ, 7 ਫਰਵਰੀ, 2025: ਅੱਜ ਸਥਾਨਕ ਸੰਤ ਹਰਚੰਦ ਸਿੰਘ ਲੌਂਗੋਵਾਲ ਇੰਜੀਨੀਅਰਿੰਗ ਕਾਲਜ ਦੀ ਮੈਨੇਜਮੈਂਟ ਦੇ ਖਿਲਾਫ ਲੌਂਗੋਵਾਲ ਨਿਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਚਾਰ ਨੌਜਵਾਨ ਭੁੱਖ ਹੜਤਾਲ ਤੇ ਬੈਠੇ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਜਦੋਂ ਇਹ ਸੰਸਥਾ ਬਣੀ ਸੀ ਤਾਂ ਲੌਂਗੋਵਾਲ ਨਿਵਾਸੀਆਂ ਦੀ ਬਹੁਤ ਹੀ ਨਿਗੁਣੇ ਮੁਆਵਜ਼ੇ ਤੇ 500 ਏਕੜ ਜਮੀਨ ਐਕਵਾਇਰ ਕੀਤੀ ਗਈ ਸੀ, ਪਰ ਸੰਸਥਾ ਬਣਾਉਣ ਸਮੇਂ ਲੌਂਗੋਵਾਲ ਲਈ ਕੋਈ ਵੀ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਸਗੋਂ ਜਿਹੜੇ ਪਰਿਵਾਰਾਂ ਦੀ ਜਮੀਨ ਐਕਵਾਇਰ ਹੋਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਵੀ ਨਹੀਂ ਦਿੱਤਾ ਗਿਆ। ਦੋ ਸਾਲ ਪਹਿਲਾਂ ਮੈਨੇਜਮੈਂਟ ਨਾਲ ਸਹਿਮਤੀ ਬਣੀ ਸੀ ਕਿ ਸੰਸਥਾ ਲਈ ਜਮੀਨ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਵਿੱਚ ਪਹਿਲ ਦਿੱਤੀ ਜਾਵੇਗੀ ਇਲਾਕੇ ਦੇ ਲੋਕਾਂ ਨੂੰ ਹੀ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਇਲਾਕ਼ੇ ਦੇ ਸਕੂਲਾਂ ਵਿੱਚ ਜਾ ਕੇ ਮੈਨੇਜਮੈਂਟ ਵੱਲੋਂ ਸੰਸਥਾ ਵਿੱਚ ਕਰਵਾਏ ਜਾਂਦੇ ਕੋਰਸਾਂ, ਮਿਲਦੀਆਂ ਸਹੂਲਤਾਂ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਦਾਖਲਾ ਟੈਸਟ ਦੀ ਤਿਆਰੀ ਫਰੀ ਕਰਵਾਈ ਜਾਵੇਗੀ। ਇਸੇ ਤਰ੍ਹਾਂ ਹੋਰ ਵੀ ਕਈ ਮੰਗਾਂ ਦੇ ਸਹਿਮਤੀ ਬਣੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਮੈਨੇਜਮੈਂਟ ਦੇ ਵਿੱਚ ਮੌਜੂਦ ਕੁਝ ਅਧਿਕਾਰੀ ਆਪਣੀਆਂ ਮਨਮਰਜੀਆਂ ਤੇ ਉਤਰੇ ਹੋਏ ਹਨ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਹੱਥ ਖੜੇ ਕੀਤੇ ਹਨ ਉੱਥੇ ਹੀ ਗੱਲ ਕਰਨ ਜਾਂਦੇ ਮੁਹਤਬਰ ਵਿਅਕਤੀਆਂ ਅਤੇ ਕਿਸਾਨ ਆਗੂਆਂ ਨੂੰ ਵੀ ਟਾਲ ਮਟੋਲ ਕਰਕੇ ਮੋੜ ਦਿੱਤਾ ਜਾਂਦਾ ਹੈ। ਜਿਹੜੇ ਕਿਸਾਨ ਪਰਿਵਾਰਾਂ ਦੇ ਬੱਚੇ ਪਹਿਲਾਂ ਅੰਦਰ ਕੰਮ ਕਰ ਰਹੇ ਹਨ ਉਹਨਾਂ ਨਾਲ ਵੀ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਮਤਰੇਆ ਸਲੂਕ ਕੀਤਾ ਜਾਂਦਾ ਹੈ। ਜਿਸ ਤੋਂ ਅੱਕ ਕੇ ਨਗਰ ਨਿਵਾਸੀਆਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਗੇਟ ਤੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ।ਜਿਸ ਵਿੱਚ ਅੱਜ ਸੰਸਥਾ ਲਈ ਜਮੀਨ ਦੇਣ ਵਾਲੇ ਕਿਸਾਨ ਪਰਿਵਾਰਾਂ ਚੋਂ ਮਨਜੀਤ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਢੱਚ ਭੁੱਖ ਹੜਤਾਲ ਤੇ ਬੈਠੇ ।24 ਘੰਟਿਆਂ ਤੋਂ ਬਾਅਦ ਦੂਸਰਾ ਜੱਥਾ ਭੁੱਖ ਹੜਤਾਲ ਤੇ ਇਹਨਾਂ ਦੀ ਥਾਂ ਲਵੇਗਾ।
ਅੱਜ ਦੇ ਰੋਸ ਪ੍ਰਦਰਸ਼ਨ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲਟ, ਜਥੇਦਾਰ ਸੁਖਦੇਵ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ ਜੱਸੇਕਾ ਅਤੇ ਇਹਨਾਂ ਤੋਂ ਬਿਨਾਂ ਰਾਜਾ ਸਿੰਘ ਜੈਦ, ਬਹਾਦਰ ਸਿੰਘ, ਦਰਸ਼ਨ ਸਿੰਘ ਸਰਪੰਚ ਪਿੰਡੀ ਕੈਂਬੋਵਾਲ ਅਤੇ ਸੁਰਜੀਤ ਕੌਰ ਭੱਠਲ ਨੇ ਵੀ ਸੰਬੋਧਨ ਕੀਤਾ।
Published on: ਫਰਵਰੀ 7, 2025 2:39 ਬਾਃ ਦੁਃ