ਰੈਪੋ ਰੇਟ ‘ਤੇ ਅੱਜ ਆਵੇਗਾ RBI ਦਾ ਫੈਸਲਾ, ਕਟੌਤੀ ਸੰਭਵ
ਨਵੀਂ ਦਿੱਲੀ, 7 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਆਰਬੀਆਈ ਦੀ ਮੁਦਰਾ ਕਮੇਟੀ ਨੀਤੀ ਦੀ ਤਿੰਨ ਦਿਨਾਂ ਬੈਠਕ ਦਾ ਫੈਸਲਾ ਅੱਜ ਸ਼ੁੱਕਰਵਾਰ ਨੂੰ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਰੈਪੋ ਰੇਟ ‘ਚ 0.25 ਫੀਸਦੀ ਦੀ ਕਮੀ ਹੋ ਸਕਦੀ ਹੈ। ਫਿਲਹਾਲ ਇਹ 6.5 ਫੀਸਦੀ ‘ਤੇ ਬਣੀ ਹੋਈ ਹੈ।
ਬੈਂਕ ਆਫ ਬੜੌਦਾ ਦੀ ਰਿਪੋਰਟ ਮੁਤਾਬਕ ਕੇਂਦਰੀ ਬੈਂਕ ਦਾ ਮੁੱਖ ਫੋਕਸ ਮਹਿੰਗਾਈ ਦਰ ‘ਤੇ ਹੈ, ਜਿਸ ‘ਚ ਨਰਮੀ ਦਿਖ ਰਹੀ ਹੈ। ਮੁੱਖ ਤੌਰ ‘ਤੇ ਟਮਾਟਰ, ਪਿਆਜ਼ ਅਤੇ ਆਲੂ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਡਿੱਗਣ ਕਾਰਨ ਮਹਿੰਗਾਈ ਦਾ ਦਬਾਅ ਘੱਟ ਹੋਇਆ ਹੈ। ਇਸ ਲਈ ਰੈਪੋ ਰੇਟ ‘ਚ ਕਟੌਤੀ ਦੀ ਸੰਭਾਵਨਾ ਹੈ।
ਅਰਥ ਸ਼ਾਸਤਰੀ ਸੰਦੀਪ ਵੇਮਪਤੀ ਦਾ ਮੰਨਣਾ ਹੈ ਕਿ ਆਰਬੀਆਈ ਇਸ ਵਾਰ ਵੀ ਦਰ ਨੂੰ ਪਹਿਲਾਂ ਵਾਂਗ ਰੱਖ ਸਕਦਾ ਹੈ ਕਿਉਂਕਿ ਮਹਿੰਗਾਈ ਅਜੇ ਵੀ ਚਾਰ ਫੀਸਦੀ ਦੇ ਟੀਚੇ ਤੋਂ ਉਪਰ ਹੈ। RBI ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੀਮਤਾਂ ਦੀ ਸਥਿਰਤਾ ਬਰਕਰਾਰ ਰੱਖਦੇ ਹੋਏ ਵਿਕਾਸ ‘ਤੇ ਧਿਆਨ ਦੇਵੇ। ਕੇਂਦਰੀ ਬੈਂਕ ਵਾਧੂ ਤਰਲਤਾ ਉਪਾਵਾਂ ਦਾ ਐਲਾਨ ਵੀ ਕਰ ਸਕਦਾ ਹੈ।
Published on: ਫਰਵਰੀ 7, 2025 7:35 ਪੂਃ ਦੁਃ