ਖੇਤ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ
ਬੁਢਲਾਡਾ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਇੱਥੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਸੀਰ ਸਿੰਘ ਜੱਗਾ ਬਰੇਟਾ ਦੀ ਅਗਵਾਈ ਵਿੱਚ ਵਫ਼ਦ ਨੇ ਖੇਤ ਮਜ਼ਦੂਰਾਂ ਦੀਆਂ ਮੰਗਾਂ-ਮਸਲਿਆਂ ਸਬੰਧੀ ਸਥਾਨਕ ਐਸ.ਡੀ.ਐਮ. ਦਫ਼ਤਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਜਥੇਬੰਦੀ ਦੇ ਆਗੂ ਕਾਮਰੇਡ ਜੱਗਾ ਨੇ ਪਹਿਲਾਂ ਇੱਕ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਦਾਨ ਸਿੰਘ ਵਾਲਾ (ਬਠਿੰਡਾ) ਅਤੇ ਚੰਦਭਾਨ (ਫਰੀਦਕੋਟ) ਵਿੱਚ ਵਾਪਰੀਆਂ ਘਟਨਾਵਾਂ ਨੇ ਦਰਸਾ ਦਿੱਤਾ ਹੈ ਕਿ ਸੂਬੇ ਵਿੱਚ ਖੇਤ ਮਜ਼ਦੂਰਾਂ ਦੇ ਪਰਿਵਾਰ ਸੁਰੱਖਿਅਤ ਨਹੀਂ। ਗੁੰਡਾ ਅਨਸਰਾਂ ਦੁਆਰਾ ਗਰੀਬਾਂ ‘ਤੇ ਲਗਾਤਾਰ ਕੀਤੇ ਜਾ ਰਹੇ ਹਨ ਅਤੇ ਸੱਤਾਧਾਰੀ ਧਿਰ ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਰਹੀ ਹੈ। ਉਨ੍ਹਾਂ ਖੇਤ ਮਜ਼ਦੂਰਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ‘ਤੇ ਆਗੂਆਂ ਨੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਅਤੇ ਪਿੰਡ ਚੰਦਭਾਨ ਦੀਆਂ ਘਟਨਾਵਾਂ ਵਿੱਚ ਸ਼ਾਮਲ ਗੁੰਡਾ ਅਨਸਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ,ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਅਤੇ ਸਾਲ ਵਿੱਚ ਘੱਟੋ ਘੱਟ 250 ਦਿਨਾਂ ਦਾ ਕੰਮ ਦਿੱਤਾ ਜਾਵੇ। ਰਿਹਾਇਸ਼ੀ ਘਰਾਂ ਲਈ 10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਉਸਾਰੀ ਲਈ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ। ਪਬਲਿਕ ਵੰਡ ਪ੍ਰਣਾਲੀ (ਰਾਸ਼ਨ ਡਿਪੂਆਂ) ਮਜ਼ਬੂਤ ਖਾਣ ਅਤੇ ਆਮ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਦਲਿਤਾਂ ਅਤੇ ਪੇਂਡੂ ਗਰੀਬਾਂ ਦੇ ਸਾਰੇ ਕਰਜ਼ੇ ਬਿਨਾਂ ਸ਼ਰਤ ਮੁਆਫ਼ ਕੀਤੇ ਜਾਣ। ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਜ਼ਮੀਨ ਬੇ-ਜਮੀਨਿਆਂ ਨੂੰ ਵੰਡੀ ਜਾਵੇ। ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਖੇਤ ਮਜਦੂਰ ਪਰਿਵਾਰਾਂ ਨੂੰ ਖੇਤੀ ਲਈ ਦਿੱਤਾ ਜਾਵੇ। ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਅੰਦਰ ਖੇਤੀ ਅਧਾਰਿਤ ਕਾਰਖਾਨੇ ਲਾਏ ਜਾਣ। ਬੇਰੁਜ਼ਗਾਰੀ ਦੇ ਹੱਲ ਲਈ ਪੱਕਾ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।ਦਲਿਤ ਔਰਤਾਂ ‘ਤੇ ਹੋ ਰਹੇ ਹਮਲੇ ਬੰਦ ਕੀਤੇ ਜਾਣ। ਪਿੰਡਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਗਰੀਬ ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।
ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਜਥੇਬੰਦੀ ਦੇ ਆਗੂ ਕਾ. ਰੂਪ ਸਿੰਘ ਬੁਢਲਾਡਾ, ਕਾ. ਹਰਜਿੰਦਰ ਸਿੰਘ ਬਰੇਟਾ , ਕਾ. ਅਮਰ ਸਿੰਘ , ਕਾ. ਅਵਤਾਰ ਸਿੰਘ ਆਦਿ ਸ਼ਾਮਲ ਸਨ।
Published on: ਫਰਵਰੀ 7, 2025 6:57 ਬਾਃ ਦੁਃ