ਚੰਡੀਗੜ੍ਹ, 7 ਫਰਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ‘ਚ ਬਿਲਾਸਪੁਰ ਪੁਲਿਸ ਦੀ ਸਪੈਸ਼ਲ ਡਿਟੇਕਸ਼ਨ ਟੀਮ ਨੇ 3 ਨਸ਼ਾ ਤਸਕਰਾਂ ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕੀਰਤਪੁਰ ਨੇਰਚੌਕ ਫੋਰ ਲੇਨ ਸਥਿਤ ਸੁਰੰਗ ਨੰਬਰ 3 ਪੱਤਾ ਤੋਂ ਪੁਲਿਸ ਨੇ ਪੰਜਾਬ ਨੰਬਰ ਦੀ ਕਾਰ ਵਿੱਚੋਂ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਅਨੁਸਾਰ ਜਦੋਂ ਟੀਮ ਨੇ ਪੰਜਾਬ ਨੰਬਰ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਰਮਨਦੀਪ ਸਿੰਘ (28), ਅੰਮ੍ਰਿਤਪਾਲ ਸਿੰਘ (29) ਅਤੇ ਰਾਹੁਲ (32) ਵਾਸੀ ਗੁਮਟਾਲਾ ਅੰਮ੍ਰਿਤਸਰ ਵਜੋਂ ਹੋਈ ਹੈ। ਤਿੰਨਾਂ ਖ਼ਿਲਾਫ਼ ਥਾਣਾ ਸਦਰ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਏਐਸਪੀ ਸ਼ਿਵਕੁਮਾਰ ਚੌਧਰੀ ਨੇ ਦੱਸਿਆ ਕਿ ਪੁਲੀਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਨਸ਼ਾ ਕਿੱਥੋਂ ਲਿਆ ਰਹੇ ਸਨ ਅਤੇ ਕਿੱਥੇ ਸਪਲਾਈ ਕਰਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਤਸਕਰੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Published on: ਫਰਵਰੀ 7, 2025 5:12 ਬਾਃ ਦੁਃ