ਛੱਤਬੀੜ ਚਿੜੀਆਘਰ ਵਿਖੇ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ ਬਣੀ ਖਿੱਚ ਦਾ ਕੇਂਦਰ
ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਕਰ ਰਿਹਾ ਸੈਲਾਨੀਆਂ ਨੂੰ ਆਕਰਸ਼ਿਤ
ਪੰਜਾਬ ਸਰਕਾਰ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਲਈ ਵਚਨਬੱਧ
ਚੰਡੀਗੜ੍ਹ, 8 ਫਰਵਰੀ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਰਗਦਰਸ਼ਨ ਹੇਠ ਪੰਜਾਬ ਸਰਕਾਰ ਸੂਬੇ ਦੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤਹਿਤ ਛੱਤਬੀੜ ਚਿੜੀਆਘਰ ਵਿਖੇ ਅਨੇਕਾਂ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਚਿੜੀਆਘਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ (ਬਹੁਤ ਵੱਡਾ ਪਿੰਜਰਾ ਜਿੱਥੇ ਸੈਲਾਨੀ ਪੰਛੀਆਂ ਨੂੰ ਦੇਖ ਸਕਦੇ ਹਨ) ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਇੱਕ ਅਤਿ-ਆਧੁਨਿਕ ਡਾਇਨਾਸੌਰ ਪਾਰਕ ਵੀ ਬਣਾਇਆ ਗਿਆ ਹੈ। ਲਗਭਗ 1200 ਮੀਟਰ ਦੇ ਵਾਈਲਡਲਾਈਫ ਸਫ਼ਾਰੀ ਖੇਤਰ ਵਿੱਚ, 260 ਕੇ.ਵੀ. ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੇ ਨਾਲ-ਨਾਲ ਚਾਰ ਦੀਵਾਰੀ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ।
ਸ਼ੇਰ ਸਫਾਰੀ ਵਿਖੇ ਮਾਸਾਹਾਰੀ ਜਾਨਵਰਾਂ ਲਈ ਇੱਕ ਮਹੱਤਵਪੂਰਨ ਦੇਖਭਾਲ ਕੇਂਦਰ ਦੀ ਉਸਾਰੀ ਵੀ ਕੀਤੀ ਗਈ ਹੈ ਅਤੇ ਸੈਲਾਨੀਆਂ, ਖਾਸ ਕਰਕੇ ਸਕੂਲੀ ਬੱਚਿਆਂ, ਦੀ ਸਹਾਇਤਾ ਲਈ ਇੱਕ ਓਪਨ ਏਅਰ ਜ਼ੂ ਐਜੂਕੇਸ਼ਨ ਪਲਾਜ਼ਾ ਵੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਇੰਡਸ ਰਿਵਰ ਡੌਲਫ਼ਿਨ ਨੂੰ ਪੰਜਾਬ ਦਾ ਰਾਜ ਜਲ-ਪਸ਼ੂ ਅਤੇ 13 ਵਾਈਲਡ ਲਾਈਫ ਸੈਂਚੁਰੀਆਂ ਨੂੰ ਪਲਾਸਟਿਕ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਛੁੱਟ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚੋਂ ਚੁਣੇ ਗਏ 100 ਵੈੱਟਲੈਂਡਜ਼ (ਜਲਗਾਹਾਂ) ਵਿੱਚ ਪੰਜਾਬ ਦੇ 5 ਵੈੱਟਲੈਂਡਜ਼ ਹਰੀਕੇ, ਰੋਪੜ, ਕਾਂਝਲੀ, ਕੇਸ਼ੋਪੁਰ ਅਤੇ ਨੰਗਲ ਨੂੰ ਸ਼ਾਮਿਲ ਕੀਤਾ ਗਿਆ ਹੈ।
Published on: ਫਰਵਰੀ 8, 2025 7:54 ਬਾਃ ਦੁਃ