ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਨੇ ਮਾਪਿਆਂ ਦੇ ਹੱਕ ‘ਚ ਖੜਨ ਦਾ ਲਿਆ ਫੈਸਲਾ
ਧਰਨੇ ਪ੍ਰਦਰਸ਼ਨ ਕਰਨ ਦਾ ਦਿੱਤਾ ਕੇਡਰ ਨੂੰ ਸੱਦਾ, ਸਿੱਖਿਆ ਮੰਤਰੀ ਨੂੰ ਮਿਲਣ ਦਾ ਕੀਤਾ ਨਿਰਣਾ
ਚੰਡੀਗੜ੍ਹ: 9 ਫਰਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੀ ਰਾਜ ਪੱਧਰੀ ਮੀਟਿੰਗ ਪਾਰਟੀ ਦੇ ਦਫਤਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਕੀਤੀ। ਮੀਟਿੰਗ ‘ਚ ਪ੍ਰਸਤਾਵ ਪੇਸ਼ ਕਰਦਿਆਂ ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੇ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਪੰਜਾਬ ‘ਚ ਮਾਪਿਆਂ ਦੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਰੋਕਣ ਅਤੇ ਵਿਨਯਮਾਂ ‘ਚ ਘਿਰੇ ਸਕੂਲਾਂ ਦੀ ਮਾਨਤਾ ਰੱਦ ਕਰਵਾਉਂਣ ਲਈ ਹਰ ਪੜਾਅ ਤੇ ਸੰਘਰਸ਼ ਦਾ ਬਿੱਗਲ ਵਜਾ ਦੇਣਾ ਚਾਹੀਦਾ ਹੈ।
ਸੂਬੇ ਦੇ ਸਮੂਹ ਮਾਪਿਆਂ ਦੇ ਹੱਕ ‘ਚ ਸਤਨਾਮ ਸਿੰਘ ਗਿੱਲ ਨੇ ਪ੍ਰਸਤਾਵ ਪੇਸ਼ ਕੀਤੀ ਜਿਸ ਦੀ ਤਾਈਦ ਸ੍ਰੀ ਸੰਜੀਵ ਝਾਅ ਨੇ ਕੀਤੀ। ਇਸ ਪ੍ਰਸਤਾਵ ਦੀ ਪ੍ਰੋੜਤਾ ਬਲਾਕ ਰਈਆ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਮੱਟੂ ਨੇ ਕੀਤੀ।
ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਵਿਭਾਗੀ ਅਤੇ ਨਿਆਂਇੱਕ ਕਾਰਵਾਈ ਦੇ ਨਾਲ ਨਾਲ ਜਨਤਕ ਘੋਲ ਵੀ ਸ਼ੁਰੂ ਕੀਤੇ ਜਾਣ ਅਤੇ ਪਿੰਡ ਪਿੰਡ ਘਰ ਘਰ ਮਹੱਲੇ ਮਹੱਲੇ ‘ਚ ਜਾਕੇ ਮਾਪਿਆਂ ਦੀ ਬਾਂਹ ਫੜ੍ਹੀ ਜਾਵੇ।
ਮੀਟਿੰਗ ‘ਚ ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਕੂਲਾਂ ਨੂੰ ਨਿਯਮਾਂ ‘ਚ ਢਾਲ੍ਹਣ ਲਈ ਇੱਕ ਵਾਰ ਸਾਨੂੰ ਸਿੱਖਿਆ ਮੰਤਰੀ ਪੰਜਾਬ ਨੂੰ ਵਫਦ ਦੇ ਰੂਪ ‘ਚ ਮਿਲਕੇ ਸਾਰਾ ਮਾਮਲਾ ਉਨਾ ਦੇ ਧਿਆਨ ‘ਚ ਲਿਆਉਂਣਾ ਚਾਹੀਦਾ ਹੈ।
ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ 197 ਬਲਾਕ ਦੇ ਪ੍ਰਧਾਨਾ,ਜ਼ਿਲ੍ਹਾ ਕਮੇਟੀਆਂ ਅਤੇ ਹਲਕੇ ਦੇ ਇੰਚਾਰਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੀ ਹਨ ਕਿ ਆਪੋ ਆਪਣੇ ਵਿਧਾਨ ਸਭਾ ਹਲਕਿਆਂ ‘ਚ ਮਾਪਿਆਂ ਅਤੇ ਬੱਚਿਆਂ ਨੂੰ ਲੈਕੇ ਹਲਕਿਆਂ ‘ਚ ਰੋਸ ਧਰਨੇ ਦਿੱਤੇ ਜਾਣ ਅਤੇ ਪ੍ਰਮੁੱਖ ਸੜਕਾਂ ਤੇ ਜਾਮ ਦਾ ਪ੍ਰੋਗਰਾਮ ਉਲੀਕ ਕੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਨੂੰ ਕਾਰਗਰ ਢੰਗ ਨਾਲ ਪ੍ਰਾਈਵੇਟ ਸਕੂਲਾਂ ‘ਚ ਲਾਗੂ ਕਰਨ ਲਈ ਪ੍ਰਸਾਸ਼ਨ ਤੇ ਦਬਾਅ ਬਣਾਇਆ ਜਾਵੇ।ਇਸ ਮੌਕੇ ਅੰਮ੍ਰਿਤਪਾਲ ਸਿੰਘ ਸ਼ਾਹਪੁਰ,ਬਲਾਕ ਰਈਆ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਝਾਅ ਆਦਿ ਹਾਜਰ ਸਨ।
Published on: ਫਰਵਰੀ 9, 2025 3:11 ਬਾਃ ਦੁਃ