ਭਾਕਿਯੂ ਉਗਰਾਹਾਂ ਵੱਲੋਂ ਪਿੰਡ ਚੰਦਭਾਨ ‘ਚ ਪੁਲਿਸ ਵੱਲੋਂ ਲਾਠੀਚਾਰਜ ਅਤੇ ਮਜ਼ਦੂਰ ਘਰਾਂ ਦੀ ਭੰਨਤੋੜ ਕਰਨ ਦੀ ਸਖ਼ਤ ਨਿਖੇਧੀ 

ਪੰਜਾਬ

ਭਾਕਿਯੂ ਉਗਰਾਹਾਂ ਵੱਲੋਂ ਪਿੰਡ ਚੰਦਭਾਨ ‘ਚ ਪੁਲਿਸ ਵੱਲੋਂ ਲਾਠੀਚਾਰਜ ਅਤੇ ਮਜ਼ਦੂਰ ਘਰਾਂ ਦੀ ਭੰਨਤੋੜ ਕਰਨ ਦੀ ਸਖ਼ਤ ਨਿਖੇਧੀ 

ਦੋਸ਼ੀਆਂ ਨੂੰ ਫੜਨ ਅਤੇ ਭੰਨਤੋੜ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ

ਦਲਜੀਤ ਕੌਰ 

ਚੰਡੀਗੜ੍ਹ, 9 ਫਰਵਰੀ, 2025: ਬੀਤੇ ਦਿਨ ਪਿੰਡ ਚੰਦਭਾਨ (ਫਰੀਦਕੋਟ) ‘ਚ ਪੁਲਿਸ ਵੱਲੋਂ ਮਜ਼ਦੂਰਾਂ ਉਤੇ ਧਾੜਵੀਆਂ ਵਾਂਗ ਹੱਲਾ ਬੋਲ ਕੇ ਲਾਠੀਚਾਰਜ ਕਰਨ, ਉਨ੍ਹਾਂ ਦੇ ਕਈ ਘਰਾਂ ‘ਚ ਭਾਰੀ ਭੰਨਤੋੜ ਕਰਨ ਅਤੇ ਉਲਟਾ ਇਰਾਦਾ ਕਤਲ ਤਹਿਤ ਕਈ ਦਰਜਨ ਮਜ਼ਦੂਰਾਂ ਉੱਤੇ ਕੇਸ ਮੜ੍ਹ ਕੇ ਦੋ ਦਰਜਨ ਤੋਂ ਵੱਧ ਪੀੜਤ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਸਾਂਝੇ ਪ੍ਰੈਸ ਬਿਆਨ ਰਾਹੀਂ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਅਮਨਦੀਪ ਕੌਰ ਤੇ ਗੋਰਾ ਸਿੰਘ ਸਮੇਤ ਕਈ ਹੋਰ ਮਜ਼ਦੂਰ ਘਰਾਂ ‘ਚ ਭਾਰੀ ਭੰਨਤੋੜ ਤੋਂ ਇਲਾਵਾ ਮਜ਼ਦੂਰਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਪੁਲਿਸ ਦਹਿਸ਼ਤ ਦੇ ਕਾਰਨ ਕੁੱਝ ਮਜ਼ਦੂਰ ਘਰ ਛੱਡ ਕੇ ਚਲੇ ਗਏ ਹਨ। ਇੱਕ ਪਾਸੇ ਤਾਂ ਜ਼ਿਲ੍ਹਾ ਪੁਲਿਸ ਮੁਖੀ ਕਿਸੇ ਨੂੰ ਵੀ ਕਾਨੂੰਨ ਹੱਥ ‘ਚ ਨਾ ਲੈਣ ਦੇ ਬਿਆਨ ਦੇ ਰਹੇ ਹਨ ਪਰ ਦੂਜੇ ਪਾਸੇ ਅਮਨ ਕਾਨੂੰਨ ਕਾਇਮ ਰੱਖਣ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਖੁਦ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਹਨਾਂ ਇਹ ਵੀ ਆਖਿਆ ਕਿ ਪੁਲਿਸ ਦੀ ਹਾਜ਼ਰੀ ਵਿੱਚ ਮਜ਼ਦੂਰਾਂ ਉੱਤੇ ਗੋਲੀਆਂ ਚਲਾਉਣ ਵਾਲੇ ਸ਼ੈਲਰ ਮਾਲਕ ਗਮਦੂਰ ਸਿੰਘ ਦੇ ਬੰਦਿਆਂ ਖਿਲਾਫ ਕਾਰਵਾਈ ਨਾ ਕਰਨਾ ਪੁਲਿਸ ਅਤੇ ਸ਼ੈਲਰ ਮਾਲਕ ਦੀ ਮਿਲੀਭੁਗਤ ਦਾ ਜੱਗ ਜ਼ਾਹਰਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ੈਲਰ ਮਾਲਕ ਦੇ ਬੰਦਿਆਂ ਸਮੇਤ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਗ੍ਰਿਫਤਾਰ ਕੀਤੇ ਗਏ ਬੇਦੋਸ਼ੇ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਭੰਨਤੋੜ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੇਸ਼ੱਕ ਸਵੈ-ਰੱਖਿਆ ਵਾਲੇ ਟਕਰਾਅ ਸਮੇਂ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ ਪ੍ਰੰਤੂ ਇਸ ਮੰਦਭਾਗੀ ਘਟਨਾ ਦੀ ਮੂਲ ਜੜ੍ਹ ਸ਼ੈਲਰ ਮਾਲਕ ਵੱਲੋਂ ਨਾਲ਼ੀ ਦਾ ਗੰਦਾ ਪਾਣੀ ਮਜ਼ਦੂਰ ਬਸਤੀ ਵਿੱਚ ਛੱਡਣ ਦੀ ਧੱਕੇਸ਼ਾਹੀ ਅਤੇ ਇਸ ਧੱਕੇਸ਼ਾਹੀ ਨੂੰ ਪੁਲਿਸ ਦੀ ਡਟਵੀਂ ਹਮਾਇਤ ਹੀ ਬਣੀ ਹੈ। ਇਸੇ ਤਰ੍ਹਾਂ ਬੇਸ਼ੱਕ ਮਜ਼ਦੂਰ ਜਥੇਬੰਦੀਆਂ ਦੇ ਜਨਤਕ ਦਬਾਅ ਤਹਿਤ ਫਾਇਰਿੰਗ ਕਰਨ ਵਾਲੇ ਇੱਕ ਦੋਸ਼ੀ ਨੂੰ ਮਹਿਜ਼ ਅਸਲਾ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਪ੍ਰੰਤੂ ਹਮਲਾਵਰ ਸਾਰੇ ਦੋਸ਼ੀਆਂ ਅਤੇ ਦੋਸ਼ੀ ਪੁਲਿਸ ਅਫਸਰਾਂ ਉੱਤੇ 307 ਸਮੇਤ ਬਣਦੀਆਂ ਹੋਰ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ, ਬੇਦੋਸ਼ੇ ਮਜ਼ਦੂਰਾਂ ਨੂੰ ਰਿਹਾਅ ਕਰਨ ਅਤੇ ਭੰਨਤੋੜ ਦੇ ਢੁੱਕਵੇਂ ਮੁਆਵਜ਼ੇ ਵਰਗੀਆਂ ਹੱਕੀ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ ਹੱਕੀ ਮੰਗਾਂ ਖਾਤਰ ਮਜ਼ਦੂਰ ਜਥੇਬੰਦੀਆਂ ਨੂੰ ਪੁਲਸ ਪ੍ਰਸ਼ਾਸਨ ਦੁਆਰਾ ਜਨਤਕ ਸੰਘਰਸ਼ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਮਜ਼ਦੂਰ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ।

Published on: ਫਰਵਰੀ 9, 2025 3:29 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।