ਸੌਂਦ ਵੱਲੋਂ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 10 ਫਰਵਰੀ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਕੈਨੇਡਾ ਵਾਸੀ ਜਰਨੈਲ ਸਿੰਘ ਅੱਜ ਕੱਲ੍ਹ ਪੰਜਾਬ ਵਿੱਚ ਆਏ ਹੋਏ ਸਨ।
ਇੱਥੋਂ ਜਾਰੀ ਸ਼ੋਕ ਸੰਦੇਸ਼ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਨੇ ਆਪਣੀ ਚਿੱਤਰਕਾਰੀ ਦੀ ਕਲਾ ਰਾਹੀਂ ਪੰਜਾਬ ਦੇ ਸੱਭਿਆਚਾਰ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਹਨ।
ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਵੱਲੋਂ ਵੱਖ-ਵੱਖ ਸਖਸ਼ੀਅਤਾਂ ਤੇ ਮਹਾਨ ਲੋਕਾਂ ਦੇ ਬਣਾਏ ਚਿੱਤਰ ਵੀ ਬਾ-ਕਮਾਲ ਹਨ। ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਕਲਾ ਪ੍ਰੇਮੀਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸੌਂਦ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਇਸ ਔਖੀ ਘੜੀ ਵਿੱਚ ਪਰਿਵਾਰ ਅਤੇ ਸਕੇ-ਸਨੇਹੀਆਂ ਨੂੰ ਭਾਨਾ ਮੰਨਣ ਦਾ ਬਲ ਬਖਸ਼ਣ।
Published on: ਫਰਵਰੀ 10, 2025 6:58 ਬਾਃ ਦੁਃ