ਸਟਾਫ ਨੇ ਨਿਹੰਗ ਸਿੰਘ ਨੂੰ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ
ਪਟਿਆਲਾ, 11 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਬੀਤੇ ਦਿਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨਿਹੰਗ ਸਿੰਘ ਨੇ ਮਹਿਲਾ ਜੱਜ ਦੇ ਅੱਗੇ ਅਚਾਨਕ ਆਪਣੀ ਕਿਰਪਾਨ ਤਾਣ ਦਿੱਤੀ। ਇਸ ਘਟਨਾ ਕਾਰਨ ਅਦਾਲਤੀ ਕਾਰਵਾਈ ਰੋਕਣੀ ਪਈ। ਮੌਕੇ ’ਤੇ ਮੌਜੂਦ ਸਟਾਫ ਨੇ ਨਿਹੰਗ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਘਟਨਾ ਦੇ ਪਿੱਛੇ ਕਾਰਨ ਅਜੇ ਤੱਕ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ।
ਸੋਮਵਾਰ ਸਵੇਰੇ ਮਹਿਲਾ ਜੱਜ ਆਪਣੀ ਰੋਜ਼ਾਨਾ ਦੀ ਸੁਣਵਾਈ ਕਰ ਰਹੇ ਸਨ, ਜਦੋਂ 11 ਵਜੇ ਦੇ ਕਰੀਬ ਇੱਕ ਨਿਹੰਗ ਸਿੰਘ ਅਚਾਨਕ ਅਦਾਲਤ ਵਿੱਚ ਦਾਖ਼ਲ ਹੋਇਆ। ਉਸ ਨੇ ਆਪਣੇ ਗਲ ’ਚ ਪਾਈ ਕਿਰਪਾਨ ਕੱਢ ਕੇ ਉੱਚੀ ਆਵਾਜ਼ ਵਿੱਚ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਕਿਰਪਾਨ ਹਵਾ ’ਚ ਲਹਿਰਾਉਂਦਾ ਹੋਇਆ ਉਹ ਜੱਜ ਨਾਲ ਬੈਠੇ ਰੀਡਰ ਵੱਲ ਵੱਧਣ ਲੱਗਿਆ। ਇਸ ਦੌਰਾਨ ਅਦਾਲਤੀ ਸਟਾਫ ਨੇ ਤੁਰੰਤ ਆਪਣੀ ਸੂਝ-ਬੂਝ ਦਾ ਪ੍ਰਮਾਣ ਦਿੰਦਿਆਂ ਉਸਨੂੰ ਫੜ ਲਿਆ। ਮਹਿਲਾ ਜੱਜ ਤੁਰੰਤ ਕੁਰਸੀ ਤੋਂ ਉੱਠ ਗਏ ਅਤੇ ਮਾਮਲੇ ਦੀ ਸੁਣਵਾਈ ਨੂੰ ਅੱਗੇ ਲਈ ਟਾਲ ਦਿੱਤਾ ਗਿਆ।
ਸੂਚਨਾ ਮਿਲਣ ਮਗਰੋਂ ਥਾਣਾ ਲਾਹੌਰੀ ਗੇਟ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਦਾਲਤੀ ਸਟਾਫ ਦੇ ਬਿਆਨ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
Published on: ਫਰਵਰੀ 11, 2025 11:27 ਪੂਃ ਦੁਃ