ਗੰਨੇ ਨਾਲ ਭਰੀ ਟ੍ਰਾਲੀ ‘ਚ ਕਾਰ ਵੱਜੀ, ਤਿੰਨ ਦੋਸਤਾਂ ਸਮੇਤ ਚਾਰ ਨੌਜਵਾਨਾਂ ਦੀ ਮੌਤ
ਲਖੀਮਪੁਰ ਖੀਰੀ, 13 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਲਖੀਮਪੁਰ ਖੀਰੀ ਦੇ ਥਾਣਾ ਨਿਘਾਸਨ ਦੇ ਖੇਤਰ ਵਿੱਚ ਢਖੇਰਵਾ-ਨਿਘਾਸਨ ਸਟੇਟ ਹਾਈਵੇ ’ਤੇ ਹਾਜਰਾ ਫਾਰਮ ਦੇ ਕੋਲ ਗੰਨੇ ਨਾਲ ਭਰੀ ਟ੍ਰਾਲੀ ਵਿੱਚ ਇੱਕ ਕਾਰ ਟਕਰਾਈ। ਇਸ ਦੁਰਘਟਨਾ ਵਿੱਚ ਕਾਰ ਵਿੱਚ ਸਵਾਰ ਤਿੰਨ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਟ੍ਰਾਲੀ ਨੂੰ ਪੈਂਚਰ ਲਾ ਰਹੇ ਇਕ ਮਕੈਨਿਕ ਦੀ ਵੀ ਇਸ ਹਾਦਸੇ ਵਿੱਚ ਜਾਨ ਚਲੀ ਗਈ। ਤਿੰਨ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਤੇ ਮ੍ਰਿਤਕ ਸਰੀਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਨਿਘਾਸਨ ਕਸਬੇ ਦੇ ਪਟੇਲ ਨਗਰ ਰਹਿਣ ਵਾਲੇ ਸ਼ਿਵਸਾਗਰ ਨੇ ਦੱਸਿਆ ਕਿ ਉਹਨਾਂ ਦਾ 22 ਸਾਲਾ ਬੇਟਾ ਦਿਗਵਿਜੈ ਆਪਣੇ ਦੋਸਤਾਂ ਨਾਲ ਰਾਤ ਸਵਾ ਦਸ ਵਜੇ ਢਖੇਰਵਾ ਲਈ ਕਾਰ ’ਤੇ ਜਾ ਰਿਹਾ ਸੀ। ਹਾਜਰਾ ਫਾਰਮ ਦੇ ਕੋਲ ਗੰਨੇ ਨਾਲ ਭਰੀਆਂ ਦੋ ਟ੍ਰਾਲੀਆਂ ਖੜੀਆਂ ਸਨ। ਕਾਰ ਪਿੱਛੇ ਤੋਂ ਟ੍ਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚੌਧਰੀ ਪੁਰਵਾ ਦੇ ਸੰਜੇ (24), ਰਜਨੀਸ਼ (19) ਅਤੇ ਸੈਫੂ (23) ਨਿਵਾਸੀ ਲਖਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਟ੍ਰਾਲੀ ਨੂੰ ਪੈਂਚਰ ਲਾ ਰਹੇ ਸਿੰਗਾਹੀ ਨਿਵਾਸੀ ਅੰਸਾਰ (26) ਨੂੰ ਜਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਚੌਧਰੀ ਪੁਰਵਾ ਦੇ ਦਿਗਵਿਜੈ (21), ਅਰੁਣ (19) ਤੇ ਰਵੀ (24) ਨਿਵਾਸੀ ਘਨਸ਼ਿਆਮ ਪੁਰਵਾ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਮਾਤਮ ਛਾ ਗਿਆ ਹੈ। ਇੰਚਾਰਜ ਇੰਸਪੈਕਟਰ ਮਹੇਸ਼ ਚੰਦਰ ਅਤੇ ਸੀਓ ਮਹਕ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲਿਆ।
Published on: ਫਰਵਰੀ 13, 2025 1:57 ਬਾਃ ਦੁਃ