ਮਹਾਕੁੰਭ ਅਤੇ ਅਯੁੱਧਿਆ ਤੋਂ ਪਰਤਦਿਆਂ ਪੰਜਾਬ ਦੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, 2 ਦੀ ਮੌਤ 9 ਜ਼ਖਮੀ
ਫ਼ਾਜ਼ਿਲਕਾ, 13 ਫਰਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਤੋਂ ਪ੍ਰਯਾਗਰਾਜ ਮਹਾਕੁੰਭ ਅਤੇ ਅਯੁੱਧਿਆ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਵਾਪਸੀ ਦੀ ਯਾਤਰਾ ਦਰਦਨਾਕ ਹਾਦਸੇ ਵਿਚ ਬਦਲ ਗਈ। ਯੂਪੀ ਦੇ ਜੌਨਪੁਰ ਵਿੱਚ ਦੇਰ ਰਾਤ ਇੱਕ ਟੈਂਪੂ ਟਰੈਵਲਰ ਦੇ ਟਰੱਕ ਨਾਲ ਟਕਰਾਉਣ ਕਾਰਨ ਫਾਜ਼ਿਲਕਾ ਦੇ ਦੋ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 9 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਵਿੱਚ ਵਾਲ-ਵਾਲ ਬਚੇ ਇੱਕ ਯਾਤਰੀ ਰਾਜ ਕੁਮਾਰ ਨੇ ਦੱਸਿਆ ਕਿ ਟੈਂਪੂ ਟਰੈਵਲਰ ਵਿੱਚ ਕੁੱਲ 14 ਸ਼ਰਧਾਲੂ ਸਵਾਰ ਸਨ। ਇਨ੍ਹਾਂ ਵਿੱਚੋਂ ਫਾਜ਼ਿਲਕਾ ਦੀ ਨਵੀਂ ਆਬਾਦੀ, ਬਾਦਲ ਕਲੋਨੀ ਅਤੇ ਨਹਿਰੂ ਨਗਰ ਦੇ ਵਸਨੀਕ ਸਨ, ਜਦੋਂ ਕਿ ਕੁਝ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸਨ। ਸ਼ਰਧਾਲੂ ਪਹਿਲਾਂ ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰਨ ਗਏ ਅਤੇ ਫਿਰ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕੀਤੇ।
ਵਾਪਸੀ ਦੌਰਾਨ ਰਾਤ ਸਮੇਂ ਉਨ੍ਹਾਂ ਦਾ ਟੈਂਪੂ ਟਰੈਵਲਰ ਅਚਾਨਕ ਇੱਕ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਟਰੈਵਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਡਰਾਈਵਰ ਸਮੇਤ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
Published on: ਫਰਵਰੀ 13, 2025 5:26 ਬਾਃ ਦੁਃ