ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ : ਪੰਜਾਬ ਪੁਲਿਸ ਨੇ ਪਟਿਆਲਾ ਤੋਂ ਇੱਕ ਟ੍ਰੈਵਲ ਏਜੰਟ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ

ਚੰਡੀਗੜ੍ਹ, 15 ਫਰਵਰੀ, ਦੇਸ਼ ਕਲਿੱਕ ਬਿਓਰੋ :

ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਨੇ ਟ੍ਰੈਵਲ ਏਜੰਟ ਅਨਿਲ ਬੱਤਰਾ ਜੋ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਘੁਟਾਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਵਿੱਚੋਂ ਇੱਕ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਸਫਲਤਾ ਪੰਜਾਬ ਪੁਲਿਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਟ੍ਰੈਵਲ ਏਜੰਟਾਂ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਪੀੜਤਾਂ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ, ਵਿਰੁੱਧ 10 ਐਫਆਈਆਰਜ਼ ਦਰਜ ਕਰਨ ਉਪੰਰਤ ਮਿਲੀ ਹੈ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਤੀਵਿਧੀਆਂ ਵਿੱਚ ਸ਼ਾਮਲ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਲਈ ਚਾਰ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਵੱਲੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਅੱਗੇ ਆਉਣ ਅਤੇ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ।

ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਐਸਆਈਟੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਦੋਸ਼ੀ ਅਨਿਲ ਬੱਤਰਾ ਨੂੰ ਐਸਪੀ ਐਨਆਰਆਈ ਮਾਮਲੇ ਪਟਿਆਲਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਐਸਐਚਓ ਪੁਲਿਸ ਸਟੇਸ਼ਨ ਐਨਆਰਆਈ ਪਟਿਆਲਾ ਇੰਸਪੈਕਟਰ ਅਭੈ ਸਿੰਘ ਚੌਹਾਨ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।

ਦੋਸ਼ੀ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ, ਟੇਕਾ ਮਾਰਕੀਟ, ਥਾਨੇਸਰ, ਕੁਰੂਕਸ਼ੇਤਰ, ਹਰਿਆਣਾ ਨੂੰ ਪਟਿਆਲਾ (5-ਈ ਪ੍ਰਤਾਪ ਨਗਰ) ਸਥਿਤ ਉਸਦੇ ਸਹੁਰੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਐਫਆਈਆਰ ਨੰਬਰ 06 ਮਿਤੀ 08-02-2025 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 406, 420, 370, ਅਤੇ 120-ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਨਾਮਜ਼ਦ ਕੀਤਾ ਗਿਆ ਸੀ। ਬੱਤਰਾ ‘ਤੇ ਸ਼ਿਕਾਇਤਕਰਤਾ ਲਈ ਸੂਰੀਨਾਮ ਦੇਸ਼ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਤੀਵਿਧੀਆਂ ਦੀ ਸਹੂਲਤ ਦੇਣ ਦਾ ਦੋਸ਼ ਹੈ। ਸੂਰੀਨਾਮ ਤੋਂ ਪੀੜਤ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ, ਜਿਸ ਵਿੱਚ ਬ੍ਰਾਜ਼ੀਲ ਜਾਂ ਕੋਲੰਬੀਆ ਸ਼ਾਮਲ ਹਨ, ਰਾਹੀਂ ਜ਼ਮੀਨੀ ਯਾਤਰਾ ਕਰਦਾ ਹੋਇਆ ਮੱਧ ਅਮਰੀਕਾ ਵਿੱਚ ਦਾਖਲ ਹੋਇਆ। ਮੱਧ ਅਮਰੀਕਾ ਵਿੱਚ ਉਹ ਪਨਾਮਾ, ਕੋਸਟਾ ਰੀਕਾ, ਨਿਕਾਰਾਗੁਆ, ਹੋਂਡੁਰਾਸ, ਗੁਆਟੇਮਾਲਾ ਅਤੇ ਮੈਕਸੀਕੋ ਸਮੇਤ ਦੇਸ਼ਾਂ ਵਿੱਚੋਂ ਲੰਘਦਾ ਹੋਇਆ ਅੰਤ ਵਿੱਚ ਤਸਕਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤੌਰ ‘ਤੇ ਸੰਯੁਕਤ ਰਾਜ ਅਮਰੀਕਾ (ਯੂਐਸਏ) ਪਹੁੰਚਿਆ। ਇਸ ਸਬੰਧੀ ਕਾਰਵਾਈ ਕਰਦਿਆਂ 14 ਫਰਵਰੀ, 2025 ਤੱਕ, ਅਨਿਲ ਬੱਤਰਾ ਦੇ ਬੈਂਕ ਖਾਤੇ ਨੂੰ 6.35 ਲੱਖ ਰੁਪਏ ਦੇ ਬਕਾਏ ਨਾਲ ਫ੍ਰੀਜ਼ ਕਰ ਦਿੱਤਾ ਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਭੋਲੇ-ਭਾਲੇ ਵਿਅਕਤੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਜਾਣਕਾਰੀ ਨਾਲ ਅੱਗੇ ਆਉਣ ਜੋ ਉਨ੍ਹਾਂ ਦੋਸ਼ੀਆਂ ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਨੂੰ ਫੜਨ ਵਿੱਚ ਸਹਾਇਤਾ ਕਰ ਸਕੇ। ਇਸ ਤੋਂ ਇਲਾਵਾ, ਡੀਜੀਪੀ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਇਮੀਗ੍ਰੇਸ਼ਨ ਸੇਵਾਵਾਂ ਲਈ ਸਿਰਫ਼ ਲਾਇਸੰਸਸ਼ੁਦਾ ਏਜੰਟਾਂ ਕੋਲ ਜਾਣ ਅਤੇ ਘੁਟਾਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਉਨ੍ਹਾਂ ਦੇ ਦਸਤਾਵੇਜਾਂ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨ।

Published on: ਫਰਵਰੀ 15, 2025 6:34 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।