ਮੋਰਿੰਡਾ ਚੁੰਨੀ ਰੋਡ ਤੇ ਘਰ ਵਿੱਚ ਸ਼ਾਰਟ ਸਰਕਟ ਕਰਨ ਲੱਗੀ ਅੱਗ
ਲੱਖਾਂ ਰੁਪਏ ਦਾ ਹੋਇਆ ਨੁਕਸਾਨ ,ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਮੋਰਿੰਡਾ: 15 ਫਰਵਰੀ, ਭਟੋਆ
ਮੋਰਿੰਡਾ ਚੁੰਨੀ ਰੋਡ ਤੇ ਸਥਿਤ ਵਾਰਡ ਨੰਬਰ 6 ਦੇ ਇਕ ਮਕਾਨ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋ ਜਾਣ ਕਾਰਨ ਅੱਗ ਲੱਗ ਗਈ ਜਿੱਥੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ, ਉੱਥੇ ਇਸ ਮਕਾਨ ਵਿੱਚ ਸੁੱਤੇ ਪਰਿਵਾਰਕ਼ ਮੈਂਬਰਾਂ
ਦਾ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਫਾਇਰ ਬ੍ਰਿਗੇਡ ਮੋਰਿੰਡਾ ਦੀ ਟੀਮ ਵੱਲੋਂ ਅੱਧੇ ਘੰਟੇ ਦੀ ਸਖਤ ਮਿਹਨਤ ਮੁਸ਼ੱਕਤ ਉਪਰੰਤ ਇਸ ਅੱਗ ਤੇ ਕਾਬੂ ਪਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਦੇ ਬੱਸ ਸਟੈਂਡ ਵਿੱਚ ਜੁੱਤੀਆਂ ਦੀ ਦੁਕਾਨ ਕਰ ਰਹੇ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਮਨਪ੍ਰੀਤ ਸਿੰਘ ਅਤੇ ਸਿਮਰਪਾਲ ਸਿੰਘ ਰਾਤ ਸਮੇਂ ਚੁਬਾਰੇ ਵਿੱਚ ਸੁੱਤੇ ਪਏ ਸਨ, ਅਤੇ ਉਹ ਬਾਕੀ ਪਰਿਵਾਰਿਕ ਮੈਂਬਰਾਂ ਨਾਲ ਹੇਠਾਂ ਵੱਖਰੇ ਕਮਰੇ ਵਿੱਚ ਸੁੱਤੇ ਪਏ ਸਨ। ਉਹਨਾਂ ਨੇ ਦੱਸਿਆ ਕਿ ਸਵੇਰੇ 6 ਵਜੇ ਮਨਪ੍ਰੀਤ ਸਿੰਘ ਨੇ ਨਹਾਉਣ ਲਈ ਜਦੋਂ ਗੀਜਰ ਚਾਲੂ ਕੀਤਾ ਤਾਂ ਇਸੇ ਦੌਰਾਨ ਹੋਏ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਚੁਬਾਰੇ ਵਿੱਚ ਲੱਗੇ ਏਅਰ ਕੰਡੀਸ਼ਨਰ ਨੂੰ ਪੈ ਗਈ ਅਤੇ ਉਸ ਵੱਲੋਂ ਸ਼ੋਰ ਮਚਾਉਣ ਉਪਰੰਤ ਉਹਨਾਂ ਤੇ ਇਕੱਤਰ ਹੋਏ ਮਹੱਲਾ ਨਿਵਾਸੀਆਂ ਵੱਲੋਂ ਅੱਗ ਦੀਆਂ ਲਾਟਾਂ ਵਿੱਚੋਂ ਸਿਮਰਪਾਲ ਸਿੰਘ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅੱਗ ਇੰਨੀ ਤੇਜ਼ ਸੀ ਕਿ ਥੋੜੇ ਸਮੇਂ ਵਿੱਚ ਹੀ ਅੱਗ ਨੇ ਚੁਵਾਰੇ ਵਿੱਚ ਰੱਖੇ ਬੈਡ ਲੋਹੇ ਦੀ ਅਲਮਾਰੀ ਅਤੇ ਪੱਖਿਆਂ ਸਮੇਤ ਚੁਬਾਰੇ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਣ ਖਿੜਕੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਟੁੱਟ ਗਏ ।
ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ,
ਡਰਾਈਵਰ ਕੁਲਦੀਪ ਸਿੰਘ, ਫਾਇਰਮੈਨ ਰਾਜਵੀਰ ਸਿੰਘ, ਫਾਇਰਮੈਨ ਫਾਇਰਮੈਨ ਅਮਨ ਸ਼ਰਮਾ ਤੇ ਦਿਲਪ੍ਰੀਤ ਸਿੰਘ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਲਗਭਗ ਅੱਧੇ ਘੰਟੇ ਦੀ ਮਿਹਨਤ ਉਪਰੰਤ ਅੱਗ ਤੇ ਕਾਬੂ ਪਾਇਆ। ਭੋਲਾ ਸਿੰਘ ਨੇ ਦੱਸਿਆ ਕਿ ਇਸ ਅੱਗ ਕਾਰਨ ਜਿੱਥੇ ਉਹਨਾਂ ਦਾ ਲਗਭਗ ਤਿੰਨ ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਉੱਥੇ ਹੀ ਲੋਹੇ ਦੀ ਅਲਮਾਰੀ ਸੜ ਜਾਣ ਕਾਰਣ ਅਲਮਾਰੀ ਵਿੱਚ ਰੱਖੇ ਗਹਿਣੇ ਅਤੇ ਮਨਪ੍ਰੀਤ ਸਿੰਘ ਦੇ ਵਿਦੇਸ਼ ਜਾਣ ਲਈ ਰੱਖੇ ਦਸਤਾਵੇਜ ਅਤੇ ਪਾਸਪੋਰਟ ਵੀ ਸੜ ਗਿਆ। ਉਹਨਾਂ ਕਿਹਾ ਕਿ ਉਹ ਛੋਟੀ ਜਿਹੀ ਦੁਕਾਨ ਰਾਹੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਪ੍ਰੰਤੂ ਇਸ ਅੱਗ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਏ ਲੱਖਾਂ ਰੁਪਏ ਦੇ ਨੁਕਸਾਨ ਨੂੰ ਦੇਖਦਿਆਂ ਉਹਨਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ।
Published on: ਫਰਵਰੀ 15, 2025 6:36 ਬਾਃ ਦੁਃ