ਈਟੀਟੀ ਅਧਿਆਪਕ ਸਤਵੀਰ ਚੰਦ ਦੀ ਜਬਰੀ ਬਦਲੀ ਰੱਦ ਕਰਵਾਉਣ ਲਈ DPI ਐਲੀਮੈਂਟਰੀ ਨੂੰ ਮਿਲਿਆ ਅਧਿਆਪਕ ਵਫ਼ਦ
ਪਟਿਆਲਾ:16 ਫਰਵਰੀ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਂਝੇ ਵਫ਼ਦ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸ.ਪ੍ਰ.ਸ ਕਰੀਮਨਗਰ(ਚਿੱਚੜਵਾਲ) ਵਿਖੇ ਪੜਾਉਂਦੇ ਅਧਿਆਪਕ ਸਤਵੀਰ ਚੰਦ ਤੇ ਗੁੰਡਾਂ ਅਨਸਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਅਤੇ ਗੁਰਦਾਸਪੁਰ ਵਿਖੇ ਕੀਤੀ ਜਬਰੀ ਬਦਲੀ ਦਾ ਮਾਮਲਾ ਡੀ.ਐੱਸ.ਈ ਐਲੀਮੈਂਟਰੀ ਦੇ ਧਿਆਨ ਵਿੱਚ ਲਿਆਂਦਾ ਗਿਆ।ਵਫ਼ਦ ਵੱਲੋਂ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਬਦਲੀ ਫੌਰੀ ਰੱਦ ਕਰਨ ਦੀ ਮੰਗ ਕੀਤੀ ਗਈ।
ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕ ਆਗੂ ਵਿਕਰਮਦੇਵ ਸਿੰਘ,ਅਤਿੰਦਰ ਪਾਲ ਸਿੰਘ,ਪਰਮਜੀਤ ਸਿੰਘ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਅਧਿਆਪਕ ਸਤਵੀਰ ਚੰਦ ਤੇ ਸਕੂਲ ਸਮੇਂ ਤੋਂ ਬਾਅਦ ਘਰ ਨੂੰ ਪਰਤਦੇ ਹੋਏ ਗੁੰਡਾਂ ਅਨਸਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਹਮਲੇ ਦੀ ਐੱਸਐੱਸਪੀ ਪਟਿਆਲਾ ਦੇ ਨਿਰਦੇਸ਼ਾਂ ਤੇ ਜ਼ਿਲਾ ਪੱਧਰ ਤੇ ਜਾਂਚ ਚੱਲ ਰਹੀ ਹੈ। ਪਰ ਇਸ ਦਰਮਿਆਨ ਪਿੰਡ ਕਰੀਮਨਗਰ ਦੀ ਪੰਚਾਇਤ ਦੀ ਨਿਰਾਧਾਰ ਅਤੇ ਬੇਬੁਨਿਆਦ ਸ਼ਿਕਾਇਤ ਦੇ ਅਧਾਰ ਤੇ ਬਿਨਾਂ ਕੋਈ ਪੜਤਾਲ ਕੀਤੇ ਅਤੇ ਪੀੜਤ ਅਧਿਆਪਕ ਦਾ ਬਿਨਾਂ ਪੱਖ ਲਏ, ਸਤਵੀਰ ਚੰਦ ਦੀ ਸਪ੍ਰਸ ਰੱਤਾ ਬਲਾਕ ਡੇਰਾ ਬਾਬਾ ਨਾਨਕ-1 ਗੁਰਦਾਸਪੁਰ ਵਿਖੇ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਜਬਰੀ ਬਦਲੀ ਕਰ ਦਿੱਤੀ ਗਈ ਹੈ। ਵਫ਼ਦ ਨੇ ਰੋਸ ਜਤਾਇਆ ਕਿ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਅਧੀਨ ਪੰਚਾਇਤ ਦੀ ਬੇਬੁਨਿਆਦ ਸ਼ਕਾਇਤ ਨੂੰ ਅਧਾਰ ਬਣਾਕੇ ਕੀਤੀ ਗਈ ਇਹ ਜਬਰੀ ਬਦਲੀ ਫੌਰੀ ਰੱਦ ਹੋਣੀ ਬਣਦੀ ਹੈ।
ਵਫ਼ਦ ਵਿੱਚ ਸ਼ਾਮਲ ਹਿੰਮਤ ਸਿੰਘ,ਹਰਵਿੰਦਰ ਰੱਖੜਾ,ਜਸਪਾਲ ਖਾਂਗ ਨੇ ਕਿਹਾ ਕਿ ਹਮਲੇ ਤੋਂ ਪੀੜਤ ਅਧਿਆਪਕ ਨਾਲ ਨਿਆਂ ਕਰਨ ਦੀ ਬਜਾਏ ਇਸ ਬੇਨਿਯਮੀ ਅੰਤਰਜ਼ਿਲਾ ਬਦਲੀ ਰਾਹੀਂ ਦੋਹਰੀ ਬੇਇਨਸਾਫ਼ੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦਾ ਹਮਲੇ ਦਾ ਸ਼ਿਕਾਰ ਆਪਣੇ ਅਧਿਆਪਕ ਨਾਲ ਖੜਨ ਦੀ ਬਜਾਏ ਉਸਦੀ ਜਬਰੀ ਬਦਲੀ ਕਰਨਾ, ਵਿਭਾਗ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੀ ਕਾਰਵਾਈ ਹੈ। ਉਹਨਾਂ ਦੱਸਿਆ ਕਿ ਡੀ.ਐੱਸ.ਈ ਵੱਲੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਸਮੁੱਚੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਣ ਦਾ ਭਰੋਸਾ ਦਿੱਤਾ ਗਿਆ ਹੈ।ਇਸ ਜਬਰੀ ਬਦਲੀ ਵਾਲੇ ਸਟੇਸ਼ਨ ਤੇ ਜੁਆਇਨ ਕਰਨ ਦੀ ਬਜਾਏ ਜੱਥੇਬੰਦੀਆਂ ਵੱਲੋਂ ਇਨਸਾਫ਼ ਲਈ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਲਖਵਿੰਦਰ ਸਿੰਘ,ਰਾਜੀਵ ਕੁਮਾਰ,ਬਲਜਿੰਦਰ ਘੱਗਾ,ਮਨਪ੍ਰੀਤ ਸਿੰਘ,ਰਾਜਿੰਦਰ ਸਿੰਘ,ਹਰਿੰਦਰ ਸਿੰਘ,ਰਵਿੰਦਰ ਸਿੰਘ,ਰਾਕੇਸ਼ ਕੁਮਾਰ ਅਤੇ ਸਤਵੀਰ ਚੰਦ ਆਦਿ ਹਾਜ਼ਰ ਸਨ।
Published on: ਫਰਵਰੀ 16, 2025 4:28 ਬਾਃ ਦੁਃ