ਐਮ ਆਈ ਜੀ ਸੁਪਰ ਐਸੋਸੀਏਸ਼ਨ ਦੀ ਚੋਣ ‘ਚ ਸੁਖਦੇਵ ਪਟਵਾਰੀ ਗਰੁੱਪ ਨੇ ਕੀਤੀ ਹੂੰਝਾ ਫੇਰੂ ਜਿੱਤ
ਪ੍ਰਮੋਦ ਮਿੱਤਰਾ ਗਰੁੱਪ ਨੂੰ ਕੋਈ ਵੀ ਸੀਟ ਨਾ ਮਿਲੀ
ਮੋਹਾਲੀ: 16 ਫਰਵਰੀ, ਦੇਸ਼ ਕਲਿੱਕ ਬਿਓਰੋ
ਸੁਪਰ ਐਸੋਸੀਏਸ਼ਨ ਆਫ ਰੈਜੀਡੈਂਟਸ ਵੈੱਲਫੇਅਰ ਸੈਕਟਰ 70 ਦੀ ਹੋਈ ਚੋਣ ਵਿੱਚ ਸੁਖਦੇਵ ਸਿੰਘ ਪਟਵਾਰੀ ਐਮ ਸੀ ਦੀ ਅਗਵਾਈ ਵਾਲੇ ਆਰ ਪੀ ਕੰਬੋਜ-ਆਰ ਕੇ ਗੁਪਤਾ ਪੈਨਲ ਨੇ ਹੂੰਝਾਫੇਰੂ ਜਿੱਤ ਹਾਸਲ ਕਰਦਿਆਂ ਸਾਰੇ ਅਹੁਦਿਆਂ ‘ਤੇ ਕਬਜ਼ਾ ਕਰ ਲਿਆ ਅਤੇ ਦੂਜੇ ਪਾਸੇ ਪ੍ਰਮੋਦ ਮਿੱਤਰਾ ਪੈਨਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਅੱਜ ਵੋਟਾਂ ਤੋਂ ਬਾਅਦ ਚੋਣਾਂ ਦੇ ਨਤੀਜੇ ਦਾ ਐਲਾਨ ਕਰਦਿਆਂ ਆਰ ਓ ਜਸਵੀਰ ਸਿੰਘ ਗੋਸਲ ਅਤੇ ਚੋਣ ਕਮਿਸ਼ਨ ਦੇ ਮੈਂਬਰ ਬਹਾਦਰ ਸਿੰਘ ਸੇਖੋਂ ਨੇ ਦੱਸਿਆ ਕਿ ਪ੍ਰਧਾਨਗੀ ਦੇ ਉਮੀਦਵਾਰਾਂ ਚੋਂ ਆਰ ਪੀ ਕੰਬੋਜ ਨੇ ਗੁਰਦੇਵ ਸਿੰਘ ਚੌਹਾਨ ਨੂੰ 75 ਦੇ ਮੁਕਾਬਲੇ 139 ਵੋਟਾ ਦੇ ਫਰਕ ਨਾਲ ਹਰਾਇਆ ਜਦੋਂ ਕਿ ਜਨਰਲ ਸਕੱਤਰ ਆਰ ਕੇ ਗੁਪਤਾ ਨੇ ਹਰਿੰਦਰਪਾਲ ਸਿੰਘ ਨੂੰ 72 ਦੇ ਮੁਕਾਬਲੇ 139 ਵੋਟਾਂ ਨਾਲ ਹਰਾਇਆ। ਖਜ਼ਾਨਚੀ ਦੇ ਅਹੁਦੇ ‘ਤੇ ਪ੍ਰੇਮ ਕੁਮਾਰ ਚਾਂਦ ਨੂੰ ਗੁਰਪ੍ਰੀਤ ਕੌਰ ਭੁੱਲਰ ਨੇ 81 ਦੇ ਮੁਕਾਬਲੇ 130 ਵੋਟਾਂ ਨਾਲ ਮਾਤ ਦਿੱਤੀ।
ਇਸੇ ਤਰ੍ਹਾਂ ਕੰਬੋਜ ਗਰੁੱਪ ‘ਚ ਕਨਵੀਨਰ ਦੀ ਪੋਸਟ ‘ਤੇ ਗੁਰਿੰਦਰਪਾਲ ਟੰਡਨ ਨੂੰ 139 ਤੇ ਮਹਾਂਦੇਵ ਸਿੰਘ ਨੂੰ 77 ਵੋਟਾਂ ਮਿਲੀਆਂ ਜਦੋਂ ਕਿ ਮੀਤ ਪ੍ਰਧਾਨ ਲਈ ਬਲਵਿੰਦਰ ਸਿੰਘ ਬੱਲੀ ਨੂੰ 139 ਤੇ ਦੀਪਕ ਸ਼ਰਮਾ ਨੂੰ 72, ਜਾਇੰਟ ਸਕੱਤਰ ਲਈ ਕੁਲਵੰਤ ਸਿੰਘ ਤੁਰਕ ਨੂੰ 138 ਤੇ ਚੌਹਾਨ ਧੜੇ ਦੇ ਸੰਦੀਪ ਕੰਗ ਨੂੰ 74 ਵੋਟਾਂ, ਪ੍ਰਚਾਰ ਸਕੱਤਰ ਲਈ ਮਨਜੀਤ ਸਿੰਘ ਨੂੰ 136 ਤੇ ਸੁਰਿੰਦਰ ਕੁਮਾਰ ਸ਼ਰਮਾ ਨੂੰ 76 ਵੋਟਾਂ ਮਿਲੀਆਂ।
ਐਸ਼ੋਸ਼ੀਏਸ਼ਨ ਦੀ ਅੱਜ ਇਹ ਚੋਣ ਸਵੇਰੇ 10 ਵਜੇ ਤੋਂ ਦੋ ਵਜੇ ਦੁਪਹਿਰ ਤੱਕ ਮੁਕੰਮਲ ਹੋਈ। ਕੁੱਲ 243 ਵੋਟਾਂ ਚੋਂ 21 ਵੋਟਾਂ ਇਲੈਕਟਰੋਨਿਕ ਬੈਲਟ ਰਾਹੀਂ ਪਾਈਆਂ ਜਦੋਂ ਕਿ 195 ਵੋਟਾਂ ਪੋਲ ਹੋਈਆਂ।
ਇਸੇ ਦੌਰਾਨ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਐਮ ਆਈ ਜੀ ਸੁਪਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾ ਦੇ ਸਦਾ ਰਿਣੀ ਰਹਿਣਗੇ ਅਤੇ ਕੰਬੋਜ- ਗੁਪਤਾ ਗਰੁੱਪ ਦੀ ਜਿੱਤ ਉਨ੍ਹਾ ਵੱਲੋਂ ਇਸ ਖੇਤਰ ਦੀ ਕੀਤੀ ਜਾ ਰਹੀ ਨਿਰਸੁਆਰਥ ਸੇਵਾ ਦਾ ਨਤੀਜਾ ਹੈ।
Published on: ਫਰਵਰੀ 16, 2025 5:07 ਬਾਃ ਦੁਃ