ਪੰਜਾਬ ਦੇ 33 ਲੋਕਾਂ ਸਮੇਤ 112 ਭਾਰਤੀਆਂ ਨੂੰ ਲੈ ਤੀਜਾ ਅਮਰੀਕੀ ਜਹਾਜ਼ ਪਹੁੰਚਿਆ ਅੰਮ੍ਰਿਤਸਰ
ਅੰਮ੍ਰਿਤਸਰ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਬੈਚ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਸ਼ਾਮਲ ਹਨ।
ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਲੋਕ ਏਅਰਪੋਰਟ ‘ਚੋਂ ਬਾਹਰ ਆਏ। ਹਰਿਆਣਾ ਦੇ ਲੋਕਾਂ ਲਈ ਪੁਲੀਸ ਅਧਿਕਾਰੀ ਵੋਲਵੋ ਬੱਸ ਲੈ ਕੇ ਪੁੱਜੇ।
ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਵੀ ਏਅਰਪੋਰਟ ਪਹੁੰਚੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਡਿਪੋਰਟ ਕੀਤੇ ਗਏ ਲੋਕਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਬੱਚਿਆਂ ਨੂੰ ਡਾਇਪਰ ਤੇ ਦੁੱਧ ਦਿੱਤਾ ਗਿਆ।
ਜਿਕਰਯੋਗ ਹੈ ਕਿ ਸ਼ਨੀਵਾਰ ਰਾਤ 11:30 ਵਜੇ 116 ਭਾਰਤੀਆਂ ਦੇ ਦੂਜੇ ਜੱਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ।
Published on: ਫਰਵਰੀ 17, 2025 7:43 ਪੂਃ ਦੁਃ