ਨਵੀਂ ਦਿੱਲੀ, 18 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਮਾਮਲੇ ਵਿੱਚ ਅੱਜ (ਮੰਗਲਵਾਰ) ਨੂੰ ਸਜ਼ਾ ਸੁਣਾਈ ਜਾਵੇਗੀ। ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਇਹ 41 ਸਾਲ ਪੁਰਾਣਾ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਵਿੱਚ ਦੋ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਦਿੱਲੀ ਦੰਗਿਆਂ ‘ਚ ਸੱਜਣ ਕੁਮਾਰ ਖਿਲਾਫ 3 ਤੋਂ ਵੱਧ ਮਾਮਲੇ ਚੱਲ ਰਹੇ ਹਨ। ਉਹ ਇੱਕ ਮਾਮਲੇ ਵਿੱਚ ਬਰੀ ਹੋ ਚੁੱਕਾ ਹੈ।
ਇਸ ਤੋਂ ਪਹਿਲਾਂ ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਉਸਨੂੰ ਹਿੰਸਾ ਅਤੇ ਦੰਗੇ ਭੜਕਾਉਣ ਦਾ ਦੋਸ਼ੀ ਪਾਇਆ ਸੀ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਮੇਂ ਸੱਜਣ ਕੁਮਾਰ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਸੱਜਣ ਕੁਮਾਰ ਖ਼ਿਲਾਫ਼ ਦੰਗਾ, ਕਤਲ ਅਤੇ ਡਕੈਤੀ ਦੇ ਦੋਸ਼ਾਂ ਤਹਿਤ ਆਈਪੀਸੀ ਦੀ ਧਾਰਾ 147, 148, 149, 302, 308, 323, 395, 397, 427, 436, 440 ਤਹਿਤ ਕੇਸ ਦਰਜ ਕੀਤਾ ਗਿਆ ਸੀ।
Published on: ਫਰਵਰੀ 18, 2025 10:00 ਪੂਃ ਦੁਃ