ਪਾਕਿਸਤਾਨ ‘ਚ ਸੱਤ ਪੰਜਾਬੀਆਂ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ, 20 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਲਾਹੌਰ ਜਾ ਰਹੀ ਬੱਸ ‘ਤੇ ਹਮਲਾ ਕਰਕੇ 7 ਲੋਕਾਂ ਦੀ ਹੱਤਿਆ ਕਰ ਦਿੱਤੀ। ਰਾਇਟਰਜ਼ ਮੁਤਾਬਕ ਇਨ੍ਹਾਂ ਹਮਲਾਵਰਾਂ ਨੇ ਰਾਸ਼ਟਰੀ ਰਾਜਮਾਰਗ ‘ਤੇ ਬੈਰੀਕੇਡ ਲਗਾ ਕੇ ਬੱਸ ਨੂੰ ਰੋਕਿਆ। ਇਸ ਤੋਂ ਬਾਅਦ ਸਾਰਿਆਂ ਦੇ ਪਛਾਣ ਪੱਤਰ ਚੈੱਕ ਕੀਤੇ ਗਏ ਅਤੇ ਪੰਜਾਬ ਤੋਂ ਆਏ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ।
ਹਮਲਾਵਰ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਨੇੜਲੇ ਪਹਾੜ ‘ਤੇ ਲੈ ਗਏ। ਇਸ ਤੋਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਕ ਯਾਤਰੀ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 10-12 ਸੀ ਅਤੇ ਉਨ੍ਹਾਂ ਸਾਰਿਆਂ ਕੋਲ ਕਲਾਸ਼ਨੀਕੋਵ ਬੰਦੂਕਾਂ ਸਨ।
ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਹੱਤਿਆਵਾਂ ਦੇ ਪਿੱਛੇ ਦਾ ਮਕਸਦ ਵੀ ਸਪੱਸ਼ਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਪਰ ਹਮਲਾਵਰ ਫਰਾਰ ਹੋ ਗਏ ਹਨ।
Published on: ਫਰਵਰੀ 20, 2025 1:33 ਬਾਃ ਦੁਃ