ਅਬੋਹਰ, 20 ਫਰਵਰੀ, ਦੇਸ਼ ਕਲਿੱਕ ਬਿਓਰੋ :
ਅਬੋਹਰ ਦੇ ਨਜ਼ਦੀਕੀ ਪਿੰਡ ਕਲੱਰ ਖੇੜਾ ਵਿਖੇ ਨਾਲੀ ਨੂੰ ਲੈ ਕੇ ਹੋਏ ਵਿਵਾਦ ਵਿੱਚ ਮੌਜੂਦਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਨਾਲੀ ਦੇ ਵਿਵਾਦ ਨੂੰ ਲੈ ਕੇ ਹੋਈ ਪੰਚਾਇਤ ਦੌਰਾਨ ਮੌਜੂਦਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਜਾਲਪ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਿਵਾਦ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨੋਜ ਕੁਮਾਰ ਨੇ ਗੁੱਸੇ ਵਿੱਚ ਆ ਕੇ ਸ਼ੰਕਰ ਜਾਲਪ ਉਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਸ਼ੰਕਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਜਦੋਂ ਉਸ ਨੂੰ ਸ੍ਰੀਗੰਗਾਨਗਰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਦੇ ਉਚ ਅਧਿਕਾਰੀ ਤੇ ਵੱਡੀ ਗਿਣਤੀ ਪੁਲਿਸ ਮੌਕੇ ਉਤੇ ਪਹੁੰਚ ਗਈ। ਐਸਐਸਪੀ ਵੀ ਪਿੰਡ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਦੇ ਘਰ ਅੱਗੇ ਦੀ ਨਾਲੀ ਕੱਢੀ ਜਾ ਰਹੀ ਸੀ ਤਾਂ ਮਨੋਜ ਨੇ ਸਰਪੰਚ ਪਤੀ ਦਾ ਵਿਰੋਧ ਕੀਤਾ। ਇਸ ਦੌਰਾਨ ਮਨੋਜ ਨੇ ਗੁੱਸੇ ਵਿੱਚ ਆ ਕੇ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਆਰੋਪੀ ਨੂੰ ਫੜ੍ਹਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Published on: ਫਰਵਰੀ 20, 2025 3:26 ਬਾਃ ਦੁਃ