ਚੰਡੀਗੜ੍ਹ, 21 ਫਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਜ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਘੱਟੋ-ਘੱਟ 60-70 ਨਵੇਂ ਚਿਹਰਿਆਂ ‘ਤੇ ਦਾਅ ਲਗਾਏਗੀ।
ਵੜਿੰਗ ਨੇ ਪੰਜਾਬ ਯੂਥ ਕਾਂਗਰਸ ਦੀ ਰਾਜ ਕਾਰਜਕਾਰੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਪੰਜਾਬ ਕਾਂਗਰਸ 2027 ਦੀ ਵਿਧਾਨ ਸਭਾ ਚੋਣ ਵਿੱਚ ਵਿਧਾਇਕ ਵਜੋਂ ਰਾਜ ਦੀ ਨੁਮਾਇੰਦਗੀ ਕਰਨ ਲਈ ਘੱਟੋ-ਘੱਟ 60-70 ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਪੱਕੀ ਵਚਨਬੱਧਤਾ ਰੱਖਦੀ ਹੈ। ਇਹ ਸਾਡੇ ਸਿਆਸੀ ਲਿਡਰਸ਼ਿਪ ਨੂੰ ਨਵੀਂ ਉਰਜਾ ਦੇਣ ਅਤੇ ਇਹ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਉਹਨਾਂ ਨੇਤਾਵਾਂ ਦੁਆਰਾ ਕੀਤੀ ਜਾਵੇ ਜੋ ਗਤੀਸ਼ੀਲ, ਵਚਨਬੱਧ ਅਤੇ ਰਾਜ ਦੀਆਂ ਲੋੜਾਂ ਅਨੁਸਾਰ ਹੋਣ।’’
ਉਨ੍ਹਾਂ ਕਿਹਾ, ‘‘ਇਹ ਨਵੇਂ ਚਿਹਰੇ ਨਾ ਸਿਰਫ਼ ਬਦਲਾਅ ਦਾ ਪ੍ਰਤੀਕ ਹੋਣਗੇ, ਬਲਕਿ ਨੌਜਵਾਨਾਂ ਅਤੇ ਪੰਜਾਬ ਦੇ ਆਮ ਲੋਕਾਂ ਦੇ ਵਿਸ਼ਵਾਸ ਅਤੇ ਉਮੀਦਾਂ ‘ਤੇ ਵੀ ਖਰੇ ਉਤਰਣਗੇ।’’ ਵੜਿੰਗ ਨੇ ਯੂਥ ਕਾਂਗਰਸ ਦੇ ਮੈਂਬਰਾਂ ਨੂੰ ਇਸ ਮੌਕੇ ਨੂੰ ਅਟੁੱਟ ਵਚਨਬੱਧਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਯਤਨ ਭਵਿੱਖ ਵਿੱਚ ਇੱਕ ਜ਼ਿਆਦਾ ਮਜ਼ਬੂਤ ਅਤੇ ਇੱਕਜੁਟ ਪੰਜਾਬ ਦੀ ਬੁਨਿਆਦ ਰਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਕਾਂਗਰਸ ਵਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ, ‘‘ਇਹ ਤੁਹਾਡੇ ਲਈ ਆਪਣੇ ਆਪ ਨੂੰ ਸਾਬਤ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਵਿਖਾਉਣ ਦਾ ਮੌਕਾ ਹੈ ਕਿ ਅਸੀਂ ਹਕੀਕੀ ਅਤੇ ਅਰਥਪੂਰਨ ਬਦਲਾਅ ਲਿਆਉਣ ਲਈ ਵਚਨਬੱਧ ਹਾਂ।’’
Published on: ਫਰਵਰੀ 21, 2025 10:30 ਪੂਃ ਦੁਃ