ਬਨਾਉਟੀ ਗਰਭ ਧਾਰਨ ਤਕਨੀਕ ਦੇ ਅਹਿਮ ਪੱਖ ਤੇ ਮਹੱਤਵ
ਡਾ.ਅਜੀਤਪਾਲ ਸਿੰਘ ਐਮ ਡੀ
ਜ਼ਿੰਦਗੀ ਚ ਹਰ ਪੜਾਅ ਦਾ ਆਪਣਾ ਮਹੱਤਵ ਹੁੰਦਾ ਹੈ l ਬਚਪਨ,ਪੜ੍ਹਾਈ ਲਿਖਾਈ,ਕੈਰੀਅਰ,ਵਿਆਹ ਆਦਿ ਸਭ ਦੇ ਅਰਥ ਅਲੱਗ ਅੱਲਗ ਹੁੰਦੇ ਹਨ l ਅਜਿਹਾ ਹੀ ਸਭ ਤੋਂ ਜਰੂਰੀ ਪੜਾਅ ਜਾਂ ਜੀਵਨ ਦਾ ਠਹਿਰਾਅ ਹੈ-ਪਰਿਵਾਰ ਨੂੰ ਅੱਗੇ ਵਧਾਉਣਾ l ਕਿਸੇ ਵੀ ਸਫਲ ਵਿਆਹੁਤਾ ਜੋੜੀ ਚ ਮਿਠਾਸ ਦੀ ਸਫਲਤਾ ਤਾਂ ਹੀ ਵੇਖੀ ਜਾਂਦੀ ਹੈ ਜਦੋਂ ਪਤੀ ਪਤਨੀ ਦੇ ਦਾਇਰੇ ਤੋਂ ਉੱਪਰ ਉੱਠ ਕੇ ਉਹ ਮਾਂ-ਬਾਪ ਬਣਦੇ ਹਨ l ਆਪਣੇ ਬੱਚਿਆਂ ਨੂੰ ਗੋਦ ਚ ਲੈਣਾ ਸ਼ਾਇਦ ਹਰ ਮਨੁੱਖ ਤੇ ਔਰਤ ਲਈ ਸਭ ਤੋਂ ਗੌਰਵਮਈ ਤੇ ਮਹੱਤਵਪੂਰਨ ਪਲ ਹੁੰਦਾ ਹੈ, ਪਰ ਕਈ ਜੋੜੇ ਅਜਿਹੇ ਵੀ ਹੁੰਦੇ ਹਨ ਜੋ ਸ਼ਾਦੀ ਤੋਂ ਪਿੱਛੋਂ ਸੰਤਾਨ ਸੁੱਖ ਹਾਸਿਲ ਕਰਨ ਚ ਅਸਮਰੱਥ ਰਹਿੰਦੇ ਹਨ l ਇਸ ਦੁੱਖ ਨੂੰ ਸੁੱਖ ‘ਚ ਤਬਦੀਲ ਕਰਨ ਲਈ ਡਾਕਟਰੀ ਜਗਤ ਰਾਤ ਦਿਨ ਕੋਸ਼ਿਸ਼ ਕਰ ਰਿਹਾ ਹੈ l ਅਜਿਹੇ ਵਿੱਚ ਇਹਨਾਂ ਬਾਂਝ ਜਾਂ ਬੇਔਲਾਦ ਜੋੜਿਆਂ ਲਈ ਸਹਾਇਕ ਗਰਭ ਧਾਰਣ ਤਕਨੀਕ ਦੀ ਖੋਜ ਹੋਈ ਹੈ l ਇਸ ਤਹਿਤ ਕਈ ਤਰੀਕਿਆਂ ਨਾਲ ਬਾਂਝਪਨ ਨੂੰ ਦੇਖਦੇ ਹੋਏ ਇਲਾਜ ਕੀਤੇ ਜਾਂਦੇ ਹਨ l

ਇੰਟਰਰਾਯੂਟਰਾਇਨ ਇਨਸੈਮੀਨੇਸ਼ਨ ਇਸ ਤਰ੍ਹਾਂ ਦੀ ਅਜਿਹੀ ਹੀ ਸਹਾਇਕ ਗਰਭ ਧਾਰਣ ਤਕਨੀਕ ਹੈ l ਅਸਲ ਵਿੱਚ ਇੱਕ ਸਿਹਤਮੰਦ ਮਰਦ ਚ ਸੰਭੋਗ ਦੌਰਾਨ ਨਿਕਲਣ ਵਾਲੇ ਵੀਰਜ਼ ਚ ਸ਼ੁਕਰਾਣੂਆਂ ਦੀ ਗਿਣਤੀ ਸੌ ਮਿਲੀਅਨ ਦੇ ਕਰੀਬ ਹੋਣੀ ਚਾਹੀਦੀ ਹੈ,ਜਿਸ ਚੋਂ ਕਈ ਮਿਲੀਅਨ ਸ਼ਕਰਾਣੂ ਕੁਝ ਘੰਟਿਆਂ ਤੋਂ ਚਾਰ ਦਿਨ ਤੱਕ ਜਿਉਂਦੇ ਰਹਿੰਦੇ ਹਨ ਪਰ ਮਰਦ ਬਾਂਝਪਨ ਦੇ ਕੇਸਾਂ ਚ ਇਹਨਾਂ ਸ਼ੁਕਰਾਨਾਂ ਦੀ ਗਿਣਤੀ ਸਮਰੱਥਾ 10 ਤੋਂ 17 ਮਿਲੀਅਨ ਤੱਕ ਹੁੰਦੀ ਹੈ ਜਾਂ ਫਿਰ ਸ਼ੁਕਰਾਨੋ 10 ਤੋਂ 12 ਮਿੰਟ ਤੋਂ ਵੱਧ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕਦੇ l ਅਜਿਹੀ ਹਾਲਤ ਵਿੱਚ ਹੁਣ ਨਿਊ ਇੰਟਰਾਯੂਟਰਾਇਨ ਇੰਨਸੈਮੀਨੇਸ਼ਨ ਅਮਲ ਦਿ ਸਹਾਇਤਾ ਨਾਲ ਔਰਤਾਂ ਨੂੰ ਗਰਭ ਧਾਰਣ ਕਰਵਾਇਆ ਜਾਂਦਾ ਹੈ l
ਇਸ ਅਮਲ ਦੌਰਾਨ ਡਾਕਟਰ ਵਲੋਂ ਔਰਤ ਦੇ ਅੰਡਕੋਸ਼ ਚ ਅੰਡਾ ਬਣਨ ਸਮੇਂ ਸਾਫ ਕਰਕੇ ਤਿਆਰ ਕੀਤਾ ਸ਼ਕਰਾਂਣੂ ਬੱਚੇਦਾਨੀ ਚ ਟਿਕਾਇਆ ਜਾਂਦਾ ਹੈ l ਇਸ ਅਰਸੇ ਦੌਰਾਨ ਔਰਤਾਂ ਨੂੰ ਅਕਸਰ ਅਜਿਹੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ,ਜਿਨਾਂ ਨਾਲ ਉਹਨਾਂ ਦੇ ਗਰਭ ਧਾਰਨ ਦੇ ਆਸਾਰ ਵਧ ਜਾਂਦੇ ਹਨ l ਜੇ ਤੁਹਾਡੇ ਪਤੀ ਦੇ ਸ਼ੁਕਰਾਣੂ ਗਤੀਸ਼ੀਲ ਨਾ ਹੋਣ ਤਾਂ ਅਜਿਹੇ ਕੇਸਾਂ ਵਿੱਚ ਇਸ ਤਕਨੀਕ ਨੂੰ ਆਪਣਾਇਆ ਜਾਂਦਾ ਹੈ l ਪਰ ਇਸ ਦੇ ਲਈ ਵੀ ਮਰਦ ਦੇ ਸ਼ਕਰਾਣੂਆਂ ਨੂੰ ਘੱਟੋ ਘੱਟ ਉਨੀ ਦੇਰ ਤੱਕ ਜੀਵਤ ਰਹਿਣਾ ਚਾਹੀਦਾ ਹੈ,ਜਿੰਨੀ ਦੇਰ ਤੱਕ ਇਹ ਅਮਲ ਪੂਰਾ ਨਹੀਂ ਕੀਤਾ ਗਿਆ ਹੋਵੇ l ਜੇ ਅਜਿਹਾ ਸੰਭਵ ਨਾ ਹੋ ਸਕੇ ਤਾਂ ਫਿਰ ਇਕਸੀ ਜਾਂ ਫਿਰ ਆਈਵੀਐਫ ਦੀ ਮਦਦ ਲਈ ਜਾ ਸਕਦੀ ਹੈ l ਜੇ ਔਰਤ ਸਹੀ ਢੰਗ ਨਾਲ ਸੰਭੋਗ ਨਹੀਂ ਕਰ ਪਾ ਰਹੀ ਜਾਂ ਫਿਰ ਉਸ ਦੇ ਸਾਥੀ ਨੂੰ ਸਮੇਂ ਤੋਂ ਪਹਿਲਾਂ ਹੀ ਸਖ਼ਲਣ/ਇਜੇਕੂਲੇਸ਼ਨ ਹੋ ਜਾਂਦਾ ਹੈ ਤਾਂ ਵੀ ਉਹ ਔਰਤ ਇਸ ਤਕਨੀਕੀ ਦੀ ਮਦਦ ਲੈ ਸਕਦੀ ਹੈ। ਦਰਅਸਲ ਆਈਯੂਆਈ ਤਕਨੀਕ ਦੀ ਸਫਲਤਾ ਲਈ ਔਰਤ ਦੀਆਂ ਦੋਨੋ ਫੈਲੋਪੀਅਨ ਟਿਊਬਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਸਿਹਤਮੰਦ ਵੀ ਹੋਣੀਆਂ ਚਾਹੀਦੀਆਂ ਹਨ l ਇਸ ਨੂੰ ਜਾਂਚਣ ਲਈ ਇੱਕ ਟਿਊਬ ਪੇਟੈਂਸੀ ਟੈਸਟ ਕੀਤਾ ਜਾਂਦਾ ਹੈ,ਜੋ ਕਿ ਛੋਟੀ ਜਿਹੀ ਪ੍ਰਕਿਰਿਆ ਹੀ ਹੁੰਦੀ ਹੈ l ਪਰ ਜੇ ਔਰਤ ਦੀਆਂ ਦੋਨੋਂ ਫੈਲੋਪੀਅਨ ਟਿਊਬਾਂ ਬੰਦ ਹਨ ਜਾਂ ਜੁੜੀਆਂ ਹਨ ਤਾਂ ਇਹ ਅਮਲ ਸਫਲ ਨਹੀਂ ਹੋ ਸਕਦਾ ਕਿਉਂਕਿ ਇਸ ਵਿਚ ਐਂਡਕੋਸ਼ ਤੋਂ ਅੰਡਾ ਔਰਤ ਦੀ ਬੱਚੇਦਾਨੀ ਤੱਕ ਪਹੁੰਚਦਾ ਹੀ ਨਹੀਂ l
ਫੇਰ ਇਹ ਕੀਤਾ ਕਿਵੇਂ ਜਾਂਦਾ ਹੈ ?
ਇਸ ਇਲਾਜ ਦੇ ਨਾਲ ਨਾਲ ਔਰਤ ਨੂੰ ਫਰਟਿਲਟੀ (ਉਪਜਾਊ ਸ਼ਕਤੀ) ਵਧਾਉਣ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ l ਦਵਾਈਆਂ ਦੇਣ ਦੇ ਇਸ ਅਮਲ ਨੂੰ ਸਟਿੱਮੂਲੇਸ਼ਨ ਸਾਈਕਲ (ਹੱਲਾਸ਼ੇਰੀ ਦੇਣ ਦਾ ਦੌਰ) ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਅੰਡੇ ਬਣਨ ਦੀ ਪ੍ਰੀਕਿਰਆ (ਓਵੂਲੇਸ਼ਣ) ਵਧਾਈ ਜਾਂਦੀ ਹੈ l ਜਿੱਥੇ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ ਉਸ ਨੂੰ ਕੁਦਰਤੀ ਸਾਈਕਲ ਕਹਿੰਦੇ ਹਨ l ਜਿੱਥੇ ਪਤੀ ਚ ਬਾਂਝਪਣ ਦਾ ਨੁਕਸ ਹੁੰਦਾ ਹੈ ਉੱਥੇ ਔਰਤ ਨੂੰ ਸਟਿਮੂਲੇਸ਼ਨ ਭਾਵ ਹੱਲਾਸ਼ੇਰੀ ਦੇਣ ਵਾਲੀਆਂ ਦਵਾਈਆਂ ਦੀ ਸਲਾਹ ਨਹੀਂ ਦਿੱਤੀ ਜਾਂਦੀ l ਅਜਿਹੇ ਕੇਸਾਂ ਚ ਕਈ ਵਾਰ ਇੱਕੋ ਵੇਲੇ ਕਈ ਗਰਭ ਧਾਰਨ ਹੋ ਜਾਂਦੇ ਹਨ l ਵੈਸੇ ਤਾਂ ਕਈ ਲੋਕ ਸੋਚਦੇ ਹਨ ਕਿ ਇੱਕੋ ਵੇਲੇ ਦੋ ਜਾਂ ਤਿੰਨ ਬੱਚਿਆਂ ਨਾਲ ਪਰਿਵਾਰ ਸ਼ੁਰੂ ਕਰਨਾ ਅੱਛਾ ਹੈ l ਪਰ ਉਸ ਚ ਗਰਭਪਾਤ ਦੇ ਖਤਰੇ ਵੱਧ ਹੁੰਦੇ ਹਨ ਤੇ ਗਰਭ ਨਾਲ ਸਬੰਧਿਤ ਅਨੇਕਾਂ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ l ਕੁਦਰਤੀ ਸਾਈਕਲ ਚ ਔਰਤਾਂ ਨੂੰ ਉਹਨਾਂ ਦੇ ਓਵੂਲੇਸ਼ਨ ਤੇ ਧਿਆਨ ਦੇਣ ਨੂੰ ਕਿਹਾ ਜਾਂਦਾ ਹੈ l ਇਸ ਨੂੰ ਅਕਸਰ ਮਹਾਂਵਾਰੀ ਤੋਂ ਪਿੱਛੋਂ 12ਵੇਂ ਜਾਂ 16ਵੇਂ ਦਿਨ ਵਿਚਕਾਰ ਕੀਤਾ ਜਾਂਦਾ ਹੈ l ਜੇ ਔਰਤ ਨੂੰ ਕੁਦਰਤੀ ਤੌਰ ਤੇ ਗਰਭ ਧਾਰਨ ਨਹੀਂ ਹੋ ਰਿਹਾ ਤਾਂ ਉਸ ਨੂੰ ਸਟਿਮੂਲੇਟਿਡ ਸਾਈਕਲ ਤਹਿੱਤ ਦਵਾਈਆਂ ਜਾਂ ਟੀਕੇ ਦਿੱਤੇ ਜਾਂਦੇ ਹਨ ਤਾਂ ਕਿ ਉਸ ਵਿੱਚ ਇੱਕ ਦੀ ਬਜਾਏ ਵੱਧ ਅੰਡੇ ਵਿਕਸਿਤ ਹੋ ਸਕਣ l ਜਦ ਕਿਸ ਸਾਧਾਰਨ ਤੌਰ ਤੇ ਇੱਕ ਮਹੀਨੇ ਚ ਇੱਕ ਹੀ ਅੰਡਾ ਬਣਦਾ ਹੈ l ਅਲਟਰਾਸਾਉਂਡ ਦੀ ਮਦਦ ਨਾਲ ਅੰਡੇ ਦੀ ਜਗ੍ਹਾ ਦਾ ਪਤਾ ਲਾਇਆ ਜਾਂਦਾ ਹੈ ਅਤੇ ਇਹ ਵੀ ਵੇਖਿਆ ਜਾਂਦਾ ਹੈ ਕਿ ਇਹ ਠੀਕ ਤਰ੍ਹਾਂ ਬਣਿਆ ਵੀ ਹੈ ਕਿ ਨਹੀਂ l ਇਸ ਨਾਲ ਇਨਸੈਮੀਨੇਸ਼ਨ ਸਹੀ ਸਮੇਂ ਤੇ ਕੀਤੀ ਜਾ ਸਕਦੀ ਹੈ l ਜੇ ਕੁਦਰਤੀ ਤੌਰ ਤੇ ਔਰਤ ਦੇ ਐਂਡਕੋਸ਼ ਚ ਅੰਡਾ ਬਣ ਗਿਆ ਤਾਂ ਠੀਕ ਹੈ,ਨਹੀਂ ਤਾਂ ਹਾਰਮੋਨ ਦਾ ਇੱਕ ਟੀਕਾ ਲਾਇਆ ਜਾਂਦਾ ਹੈ l ਇਹ ਟੀਕਾ ਲਾਉਣ ਦੇ 24 ਤੋਂ 40 ਘੰਟੇ ਵਿਚਕਾਰ ਹੀ ਸ਼ੱਕਰਾਣੂ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਦਰਅਸਲ ਇਸ ਦੌਰਾਨ ਔਰਤ ਦੇ ਪਤੀ ਨੂੰ ਵੀਰਜ/ਸ਼ੁਕਰਾਣੂ ਜਮਾ ਕਰਾਉਣ ਲਈ ਕਿਹਾ ਜਾਂਦਾ ਹੈ l ਇਸ ਵਿੱਚੋ ਸਭ ਤੋਂ ਬੇਹਤਰ ਸ਼ੁਕਰਾਣੂ ਛਾਂਟ ਕੇ ਔਰਤ ਦੀ ਬੱਚੇਦਾਨੀ ਵਿੱਚ ਪਾਇਆ ਜਾਂਦਾ ਹੈ l ਡਾਕਟਰ ਇਕ ਨਲੀ/ਕਥੀਟਰ ਦੀ ਮਦਦ ਨਾਲ ਔਰਤ ਦੀ ਬੱਚੇਦਾਨੀ ਦੇ ਮੂੰਹ ਦੇ ਰਸਤੇ ਸ਼ਕਰਾਣੂ ਨੂੰ ਫੈਲੋਪੀਅਨ ਟਿਊਬ ਕੋਲ ਰੱਖਿਆ ਜਾਂਦਾ ਹੈ ਤਾਂ ਕਿ ਅੰਡਕੋਸ਼/ਓਵਰੀ ਤੋਂ ਨਿਕਲਣ ਵਾਲਾ ਅੰਡਾ ਇਸ ਰਸਤੇ ‘ਤੇ ਸ਼ਕਰਾਣੂ ਦੇ ਸੰਪਰਕ ਵਿੱਚ ਆ ਸਕੇ l
Published on: ਫਰਵਰੀ 21, 2025 1:35 ਬਾਃ ਦੁਃ