ਜਲੰਧਰ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਥਾਣਾ ਲੋਹੀਆ ਖਾਸ ਦੇ ਪਿੰਡ ਕਰਹਾ ਰਾਮ ਸਿੰਘ ’ਚ ਨੰਬਰਦਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਸਮਾਪਤ ਕਰ ਲਈ। 76 ਸਾਲਾ ਜਗਤਾਰ ਸਿੰਘ ਨੇ ਬਾਥਰੂਮ ਵਿੱਚ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਓਂਕਾਰ ਸਿੰਘ ਤੇ ਥਾਣਾ ਇੰਚਾਰਜ ਜੈਪਾਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮ੍ਰਿਤਕ ਦੇ ਪੁੱਤਰ ਹਰਦੇਵ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਮ੍ਰਿਤਕ ਵਲੋਂ ਛੱਡੇ ਗਏ ਸੁਸਾਈਡ ਨੋਟ ਦੇ ਆਧਾਰ ’ਤੇ ਚਾਰ ਵਿਅਕਤੀਆਂ ਮਲਕੀਤ ਸਿੰਘ, ਪ੍ਰੀਤਮ ਸਿੰਘ, ਬਲਵੀਰ ਸਿੰਘ (ਸਾਰੇ ਪਿੰਡ ਕਰਾਹ ਦੇ) ਅਤੇ ਵਰਿੰਦਰ ਸਿੰਘ (ਵਾਸੀ ਮਲੋਟ) ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੇ ਆਖਰੀ ਨੋਟ ’ਚ ਇਨ੍ਹਾਂ ਲੋਕਾਂ ’ਤੇ ਉਸ ਨੂੰ ਲਗਾਤਾਰ ਤੰਗ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਫਰਵਰੀ 22, 2025 12:48 ਬਾਃ ਦੁਃ