ਚੰਡੀਗੜ੍ਹ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-10 ਸਥਿਤ ਦਿ ਵਿਲੋ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਯੂਟੀ ਪੁਲਿਸ ਨੇ ਦੋ ਸ਼ੱਕੀਆਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ ਪੰਜਾਬ ਪੁਲਿਸ ਦੇ ਆਈਜੀ ਦਾ ਪੁੱਤਰ ਵੀ ਸ਼ਾਮਲ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੈਫੇ ਦੇ ਮੁੱਖ ਸ਼ੈੱਫ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-10 ਸਥਿਤ ਦਿ ਵਿਲੋ ਕੈਫੇ ‘ਚ ਘਟਨਾ ਸਮੇਂ ਆਈਜੀ ਦਾ ਬੇਟਾ ਆਪਣੇ ਕੁਝ ਵਿਦੇਸ਼ੀ ਦੋਸਤਾਂ ਨਾਲ ਮੌਜੂਦ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਆਈਜੀ ਦੇ ਬੇਟੇ ਦੇ ਇੱਕ ਪਰਿਵਾਰਕ ਦੋਸਤ ਨੇ ਦੱਸਿਆ ਕਿ ਕੈਫੇ ਵਿੱਚ ਉਸ ਦੇ ਵਿਦੇਸ਼ੀ ਦੋਸਤ ਪਿਸਤੌਲ ਦੇਖਣ ਦੀ ਜ਼ਿੱਦ ਕਰ ਰਹੇ ਸਨ।
ਇਸੇ ਦੌਰਾਨ ਜਦੋਂ ਪਿਸਤੌਲ ਕੱਢ ਕੇ ਵਿਖਾਇਆ ਤਾਂ ਮੈਗਜ਼ੀਨ ਨਹੀਂ ਸੀ ਅਤੇ ਚੈਂਬਰ ‘ਚ ਪਈ ਗੋਲੀ ਚੱਲ ਗਈ।ਪੁਲਿਸ ਨੇ ਕੈਫੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਲੈ ਲਈ ਹੈ। ਇਸ ਦੇ ਆਧਾਰ ‘ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਫਰਵਰੀ 22, 2025 5:48 ਬਾਃ ਦੁਃ