ਚੰਡੀਗੜ੍ਹ, 22 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ‘ਚ ਸ਼ਾਮਲ ਸਤਵੰਤ ਸਿੰਘ ਦੇ ਭਾਰਤੀ ਮੂਲ ਦੇ ਭਤੀਜੇ ਬਲਤੇਜ ਸਿੰਘ (32) ਨੂੰ ਨਿਊਜ਼ੀਲੈਂਡ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ਨੂੰ 700 ਕਿਲੋ ਮੈਥਾਮਫੇਟਾਮਾਈਨ ਰੱਖਣ ਦਾ ਦੋਸ਼ੀ ਠਹਿਰਾਇਆ ਹੈ। ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਸਜ਼ਾ ਸੁਣਾਈ।
ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਸੀ। ਆਕਲੈਂਡ ਪੁਲਿਸ ਨੇ ਮੈਨੁਕਾਊ ਵਿੱਚ ਇੱਕ ਛੋਟੇ ਗੋਦਾਮ ਵਿੱਚ ਛਾਪਾ ਮਾਰਿਆ ਜਿੱਥੇ ਬੀਅਰ ਦੇ ਡੱਬਿਆਂ ਵਿੱਚ ਮੇਥਾਮਫੇਟਾਮਾਈਨ ਦੀ ਇੱਕ ਵੱਡੀ ਖੇਪ ਛੁਪਾਈ ਹੋਈ ਸੀ। ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਜਦੋਂ 21 ਸਾਲਾ ਅਡੇਨ ਸਾਗਲਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਨੇ ਕਥਿਤ ਤੌਰ ‘ਤੇ ਉਹੀ ਬੀਅਰ ਪੀਤੀ ਸੀ ਜਿਸ ਵਿਚ ਨਸ਼ੀਲੇ ਪਦਾਰਥ ਸਨ।
ਪੰਜਾਬ ਵਿੱਚ ਬਲਤੇਜ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
Published on: ਫਰਵਰੀ 22, 2025 10:16 ਪੂਃ ਦੁਃ