ਫਾਜ਼ਿਲਕਾ, 24 ਫ਼ਰਵਰੀ: ਦੇਸ਼ ਕਲਿੱਕ ਬਿਓਰੋ
ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ “ਸਥਾਈ ਵਿਕਾਸ ਟੀਚਿਆਂ ਦੇ ਸੰਦਰਭ ਵਿੱਚ ਕਾਰਬਨ ਮੁਕਤ ਵਾਤਾਵਰਨ—ਚੁਣੌਤੀਆਂ ਅਤੇ ਸੰਭਾਵਿਤ ਹੱਲ” ਵਿਸ਼ੇ ‘ਤੇ ਵਿਚਾਰ-ਵਟਾਂਦਰਾ ਹੋਇਆ। ਇਹ ਵਰਕਸ਼ਾਪ ਜ਼ਿਲ੍ਹਾ ਪਰਿਸ਼ਦ, ਫਾਜ਼ਿਲਕਾ ਵਿਖੇ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਨ ਸੰਭਾਲ ਹਰੇਕ ਨਾਗਰਿਕ ਦੀ ਸੰਯੁਕਤ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਾਤਾਵਰਨ ਪ੍ਰਦੂਸ਼ਣ ਅਤੇ ਕਾਰਬਨ ਉਤਸਰਜਨ ਦੀ ਵੱਧ ਰਹੀ ਸਮੱਸਿਆ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਕੁਦਰਤੀ ਸੰਸਾਧਨਾਂ ਦਾ ਦੋਹਣ ਹੋ ਰਿਹਾ ਹੈ, ਜਿਸ ਕਰਕੇ ਵਾਤਾਵਰਨ ਸੰਤੁਲਨ ਬਿਗੜ ਰਿਹਾ ਹੈ। ਉਨ੍ਹਾਂ ਨੇ ਆਗਾਹ ਕੀਤਾ ਕਿ ਜੰਗਲਾਂ ਦੀ ਕਟਾਈ ਅਤੇ ਕਾਰਬਨ ਡਾਈਆਕਸਾਈਡ ਦੀ ਵਾਧੂ ਮਾਤਰਾ ਗ੍ਰੀਨ ਹਾਊਸ ਪ੍ਰਭਾਵ ਨੂੰ ਤੇਜ਼ ਕਰ ਰਹੀ ਹੈ, ਜਿਸ ਕਾਰਨ ਮੌਸਮੀ ਤਬਦੀਲੀਆਂ ਆ ਰਹੀਆਂ ਹਨ, ਜੋ ਮਨੁੱਖਤਾ ਲਈ ਗੰਭੀਰ ਖਤਰਾ ਹਨ।
ਸ੍ਰੀ ਸੁਭਾਸ਼ ਚੰਦਰ ਨੇ ਵਾਤਾਵਰਨ ਦੀ ਰੱਖਿਆ ਲਈ ਰੁੱਖ ਲਗਾਉਣ ਦੀ ਮਹੱਤਤਾ ਉੱਤੇ ਜੋਰ ਦਿੱਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਘਰੇਲੂ ਪੱਧਰ ‘ਤੇ ਸੋਲਰ ਪੈਨਲ ਲਗਾਉਣ ਲਈ 78,000 ਰੁਪਏ ਤੱਕ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਪਰੀਵਰਤਨਸ਼ੀਲ ਊਰਜਾ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਇਸ ਮੌਕੇ ‘ਤੇ ਖੇਤੀਬਾੜੀ ਵਿਭਾਗ ਤੋਂ ਏਡੀਓ ਲਵਪ੍ਰੀਤ ਸਿੰਘ ਘੁੰਮਣ, ਪੀਐਸ ਆਰਐਲ ਐਮ ਤੋਂ ਗੁਰਮੀਤ ਸਿੰਘ ਸੇਖੋ, ਨੇ ਵੀ ਵਾਤਾਵਰਨ ਸੰਭਾਲ ਅਤੇ ਕਾਰਬਨ ਉਤਸਰਜਨ ਨੂੰ ਘੱਟ ਕਰਨ ਸਬੰਧੀ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ।
ਇਸ ਮੌਕੇ ਬੀ ਡੀ ਪੀ ਓ ਨਿਰਮਲ ਸਿੰਘ, ਸਿੱਖਿਆ ਵਿਭਾਗ ਤੋਂ ਵਿਜੈ ਪਾਲ, ਡੀਪੀਐਮ ਸੁਰੇਸ਼ ਕੁਮਾਰ, ਅੰਕੁਸ਼ ਕੁਮਾਰ, ਵਿਕਰਾਂਤ ਸੇਤੀਆ, ਵਿਪਨ ਕੁਮਾਰ ਡੀ ਐਨਓ, ਰਾਜੇਸ਼ ਕੁਮਾਰ ਸਮੇਤ ਪਿੰਡਾਂ ਦੇ ਪੰਚ ਸਰਪੰਚ ਅਤੇ ਕ੍ਰਿਸ਼ੀ ਸਖੀਆਂ ਸਮੇਤ ਵੱਡੀ ਗਿਣਤੀ ਵਿੱਚ ਵਿਅਕਤੀ ਮੌਜੂਦ ਸਨ। ਉਨ੍ਹਾਂ ਨੇ ਵੀ ਵਾਤਾਵਰਨ ਦੀ ਸੰਭਾਲ, ਕਾਰਬਨ ਉਤਸਰਜਨ ਨੂੰ ਘਟਾਉਣ ਅਤੇ ਸਥਾਈ ਵਿਕਾਸ ਦੀਆਂ ਯੋਜਨਾਵਾਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ।
Published on: ਫਰਵਰੀ 24, 2025 3:49 ਬਾਃ ਦੁਃ