ਵਿਧਾਇਕ ਬੋਲੇ, ਸਾਡੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਨੇ …
ਚੰਡੀਗੜ੍ਹ, 24 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆ ਰਹੇ ਬਿਜਲੀ ਬਿੱਲਾਂ ਦਾ ਮਾਮਲਾ ਅੱਜ ਵਿਧਾਨ ਸਭਾ ਵਿੱਚ ਉਠਾਇਆ ਗਿਆ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਵਿਧਾਨ ਸਭਾ ਵਿੱਚ ਪੁੱਛਿਆ ਗਿਆ ਕਿ ਕੀ ਸਰਕਾਰ ਦੀ ਅਜਿਹੀ ਤਜਵੀਜ਼ ਹੈ ਕਿ ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਮੁਆਫ ਕਰੇਗੀ। ਇਸ ਸਬੰਧੀ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹੀ ਕੋਈ ਤਜਵੀਜ ਨਹੀਂ ਹੈ ਕਿ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਧਾਨ ਸਭਾ ਵਿੱਚ ਬੋਲਦੇ ਹੋਏ ਕਿਹਾ ਕਿ ਸਾਡੇ ਸਭ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਬੱਚਿਆਂ ਨੇ ਪੜ੍ਹਕੇ ਕਿਸੇ ਨੇ ਵਿਦੇਸ਼ ਚੱਲਿਆ ਜਾਣਾ ਕਿਸੇ ਨੇ ਕਿਤੇ। ਪ੍ਰੰਤੂ ਸਰਕਾਰੀ ਸਕੂਲਾਂ ਵਿੱਚ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਅਸਲੀ ਸਾਡਾ ਭਵਿੱਖ ਗਰੀਬਾਂ ਦੇ ਬੱਚੇ ਹਨ ਜਿੰਨਾਂ ਨੇ ਇੱਥੇ ਨੌਕਰੀਆਂ ਕਰਨੀਆਂ ਹਨ, ਜੇਕਰ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਬਿਜਲੀ ਦੇ ਦੇਵਾਂਗੇ ਤਾਂ ਸਾਨੂੰ ਕੋਈ ਘਾਟਾ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜਦੋਂ ਕਿ ਸਰਕਾਰ ਘਰਾਂ ਵਿੱਚ ਬਿਜਲੀ ਮੁਫਤ ਦੇ ਰਹੀ ਤਾਂ ਸਰਕਾਰੀ ਸਕੂਲਾਂ ਵਿੱਚ ਬਿਜਲੀ ਮੁਫਤ ਕਿਉਂ ਨਹੀਂ ਦੇ ਰਹੀ।
Published on: ਫਰਵਰੀ 24, 2025 1:02 ਬਾਃ ਦੁਃ