ਫਾਜਿਲਕਾ 24 ਫਰਵਰੀ, ਦੇਸ਼ ਕਲਿੱਕ ਬਿਓਰੋ
ਸਰਕਾਰੀ ਹਾਈ ਸਕੂਲ, ਬਾਂਡੀਵਾਲਾ (ਫਾਜ਼ਿਲਕਾ) ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਜੈਵੀਰ ਸਹਾਰਨ ਪੁੱਤਰ ਮਹਾਵੀਰ ਸਹਾਰਨ ਨੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐਮਸੀ) ਦੀ ਪ੍ਰੀਖਿਆ ਪਾਸ ਕਰਕੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਕੂਲ ਮੁਖੀ ਸ਼੍ਰੀਮਤੀ ਪੂਨਮ ਕਸਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਆਈਐਮਸੀ ਭਾਰਤ ਦਾ ਇੱਕੋ-ਇੱਕ ਆਰਮੀ ਕਾਲਜ ਹੈ, ਜਿਸ ਵਿੱਚ ਪੰਜਾਬ ਦੀ ਸਿਰਫ਼ ਇੱਕ ਸੀਟ ਹੁੰਦੀ ਹੈ।
ਇਹ ਪ੍ਰੀਖਿਆ ਪਾਸ ਕਰਕੇ ਜੈਵੀਰ ਸਹਾਰਨ ਨੇ ਨਾ ਕੇਵਲ ਆਪਣੇ ਮਾਤਾ-ਪਿਤਾ ਅਤੇ ਸਕੂਲ, ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਉਸਦੇ ਅਧਿਆਪਕਾਂ ਅਤੇ ਸਕੂਲ ਸਟਾਫ਼ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਵਿਦਿਆਰਥੀ ਦੀ ਮਾਤਾ ਵੀ ਇਸੇ ਹੀ ਸਕੂਲ ਵਿੱਚ ਹਿੰਦੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹਨ।
ਸ਼੍ਰੀਮਤੀ ਪੂਨਮ ਕਸਵਾਂ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਵਿਦਿਆਰਥੀ ਅਤੇ ਉਸਦੇ ਮਾਤਾ-ਪਿਤਾ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਉਸਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
Published on: ਫਰਵਰੀ 24, 2025 4:11 ਬਾਃ ਦੁਃ