ਲੁਧਿਆਣਾ, 24 ਫਰਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਨੌਜਵਾਨ ਵੱਲੋਂ ਨਾਬਾਲਿਗ ਕੁੜੀ ਨਾਲ ਜਬਰਨ ਵਿਆਹ ਦਾ ਦਬਾਅ ਬਣਾਉਣ ਕਾਰਨ ਪ੍ਰੇਸ਼ਾਨ ਹੋ ਕੇ ਕੁੜੀ ਅਤੇ ਉਸ ਦੇ ਪਿਤਾ ਨੇ ਜ਼ਹਿਰ ਖਾ ਲਿਆ। ਮਾਮਲਾ ਜਲੰਧਰ ਬਾਈਪਾਸ ਕਾਲੀ ਸੜਕ ਇਲਾਕੇ ਦਾ ਹੈ। ਦੋਵੇਂ ਪਿਓ-ਧੀ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 16 ਸਾਲਾ ਪੀੜਤਾ 10ਵੀਂ ਜਮਾਤ ਦੀ ਵਿਦਿਆਰਥਣ ਹੈ।
ਜਾਣਕਾਰੀ ਮੁਤਾਬਕ, ਇੱਕ ਲੜਕੇ ਵੱਲੋਂ ਲਗਾਤਾਰ ਤੰਗ ਕੀਤੇ ਜਾਣ ਕਾਰਨ ਦੋਵਾਂ ਨੇ ਇਹ ਕਦਮ ਚੁੱਕਿਆ। ਕੁੜੀ ਦੇ ਪਿਤਾ ਮਨੋਜ ਨੇ ਦੱਸਿਆ ਕਿ ਇੱਕ ਲੜਕਾ ਉਸ ਦੀ ਧੀ ਨੂੰ ਸਕੂਲ ਆਉਣ-ਜਾਣ ਦੌਰਾਨ ਤੰਗ ਕਰਦਾ ਸੀ। ਉਹ ਜਬਰਨ ਵਿਆਹ ਲਈ ਜ਼ੋਰ ਪਾ ਰਿਹਾ ਸੀ ਅਤੇ ਪਰਿਵਾਰ ਨੂੰ ਬਦਨਾਮ ਕਰਨ ਦੀ ਧਮਕੀ ਦੇ ਰਿਹਾ ਸੀ।
ਪੀੜਤਾ ਨੇ ਦੱਸਿਆ ਕਿ ਮੁਲਜ਼ਮ ਲੜਕਾ ਉਸ ਦੇ ਭਰਾ ਨੂੰ ਕਤਲ ਕਰਨ ਦੀ ਧਮਕੀ ਵੀ ਦੇ ਰਿਹਾ ਸੀ। ਪਰਿਵਾਰ ਨੇ ਸ਼ਨੀਵਾਰ ਨੂੰ ਥਾਣਾ ਬਸਤੀ ਜੋਧੇਵਾਲ ’ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਵਜੂਦ, ਅੱਜ ਵੀ ਲੜਕੇ ਨੇ ਤੰਗ ਕੀਤਾ, ਜਿਸ ਕਾਰਨ ਪ੍ਰੇਸ਼ਾਨ ਹੋ ਕੇ ਪਿਓ-ਧੀ ਨੇ ਜ਼ਹਿਰ ਖਾ ਲਿਆ।
ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੇ ਹਸਪਤਾਲ ’ਚ ਪਿਤਾ ਅਤੇ ਧੀ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Published on: ਫਰਵਰੀ 24, 2025 2:00 ਬਾਃ ਦੁਃ